ਪਾਸ਼ ਦੇ ੬੧ ਵੇਂ ਜਨਮ-ਦਿਨ 'ਤੇ ਸਿਆੜ ਗਰੁੱਪ ਦੇ ਸਭ ਮੈਂਬਰਾਂ ਅਤੇ ਪਾਸ਼ ਦੇ ਸਨੇਹੀਆਂ ਲਈ ਮੈ, ਪਾਸ਼ ਸਬੰਧੀ ਕਾਮਰੇਡ ਹਰਭਜਨ ਸੋਹੀ ਦੀਆਂ ਦੋ ਕਵਿਤਾਵਾਂ ਅਤੇ ਸਾਹਿਤ ਸਬੰਧੀ ਇਕ ਲੇਖ ਜੋ ਪਾਸ਼ ਨੂੰ ਬਹੁਤ ਪਸੰਦ ਸੀ, ਪੋਸਟ ਕਰਨ ਦੀ ਖੁਸੀ ਲੈ ਰਿਹਾਂ ਹਾਂ। ਇਹ ਲੇਖ ਸਤਰਵਿਆਂ 'ਚ ਸਾਹਿਤ 'ਚ ਆਏ ਇਸ ਨਵੇਂ ਝੁਕਾਅ ਦਾ ਬਹੁਤ ਭਰਵਾਂ ਵਿਸ਼ਲੇਸਣ ਹੈ। ਮੇਰੀ ਜੋਰਦਾਰ ਅਪੀਲ ਹੈ ਕਿ ਸਾਹਿਤ ਪ੍ਰੇਮੀ ਇਸ ਵੱਲ ਜਰੂਰੀ ਤਵੱਜੋਂ ਦੇਣ। ਇਹ ਮੈਟਰ, ਕਾਮਰੇਡ ਹਰਭਜਨ ਸੋਹੀ ਦੇ ਦਿਹਾਂਤ 'ਤੇ ਸੁਰਖ-ਰੇਖਾ ਵਲੋਂ ਜਾਰੀ ਵਿਸ਼ੇ...ਸ਼ ਅੰਕ ਜੁਲਾਈ, 2009 'ਚੋਂ ਧੰਨਵਾਦ ਸਹਿਤ ਲਿਆ ਗਿਆ ਹੈ। ਸੁਰਖ-ਰੇਖਾ ਦੇ ਅੰਕ ਵਿੱਚ ਪਾਸ਼ ਦੀ ਟਿੱਪਣੀ ਲੇਖ ਦੇ ਅੰਤ ਵਿੱਚ ਹੈ, ਮੈਂ ਇਸ ਨੂੰ ਲੇਖ ਤੋਂ ਪਹਿਲਾਂ ਕਰ ਦਿੱਤਾ ਹੈ। ਇਸ ਫੇਰ ਬਦਲ ਲਈ ਖਿਮਾਂ ਦਾ ਜਾਚਕ ਹਾਂ।
courtesy -facebook Ranbir Singh
ਦਰਵੇਸ਼ ਅੱਖਾਂ ਵਾਲਾ ਦਬੰਗ ਸ਼ਾਇਰ
ਦਰਵੇਸ਼ ਅੱਖਾਂ ਵਾਲਾ ਉਹ ਦਬੰਗ ਸ਼ਾਇਰ
ਜੋ ਜਿਉਣ ਦੀ ਮੜਕ ਨੂੰ ਗਾਇਆ ਕਰੇ
ਜ਼ਿੰਦਗੀ ਦੇ ਹਾਣ ਦੇ
ਬੋਲਾਂ ਖੁਣੋਂ ਤੜਫੇ ਕਦੇ
ਝਾੜ ਪੱਲਾ ਰੋਹੀਏ ਚੜ੍ਹ ਜਾਇਆ ਕਰੇ
ਪਰ ਜਦੋਂ ਵੀ ਜ਼ਿੰਦਗੀ
ਮੌਤ ਸੰਗ ਭਿੜਦੀ ਦਿਸੇ
ਫਿਰ ਚਸ਼ਮ ਵਾਂਗ ਫੁੱਟ ਆਇਆ ਕਰੇ
ਉਹ ਕੁਫਰ ਦੀ ਜੂਠ 'ਤੇ
ਪਲ਼ ਕੇ ਨਹੀਂ ਜਿਉਂਇਆਂ
ਉਹ ਜ਼ਲਾਲਤ ਦੀ ਜ਼ਹਿਰ
ਚੜ੍ਹਕੇ ਨਹੀਂ ਮਰਿਆ
ਸ਼ਾਹਦਿਆਂ ਦੀਆਂ ਸ਼ਾਨੀਆਂ
ਭਰਕੇ ਨਹੀਂ ਜਿਉਂਇਆਂ
ਉਹ ਸਹਿਮ ਦੇ ਸੀਤ ਵਿਚ
ਠਰ ਕੇ ਨਹੀਂ ਮਰਿਆ
ਅਖੀਰ ਮੌਤ ਵਿਚ ਵੀ
ਸੱਚ ਦਾ ਕਲਾਮ ਪੜ੍ਹ ਗਿਆ
ਬੋਲਾਂ ਦੀ ਲੱਜ ਪਾਲ਼ਦਾ
ਅੱਗ ਦਾ ਸਨਾਨ ਕਰ ਗਿਆ
ਦਰਵੇਸ਼ ਅੱਖਾਂ ਵਾਲਾ ਉਹ ਦਬੰਗ ਸ਼ਾਇਰ
ਜੋ ਜਿਉਣ ਦੀ ਮੜਕ ਨੂੰ ਗਾਇਆ ਕਰੇ
ਪਾਸ਼ ਦਾ ਮਾਤਮ ਨਹੀਂ, ਹਾਲੇ
ਪਾਸ਼ ਦਾ ਮਾਤਮ ਨਹੀਂ
ਹਾਲੇ, ਵਿਦਾ-ਸੰਮਾਨ ਕਰਨਾ ਹੈ
ਹਲਕਿਆ ਦਾਨਵ ਅਜੇ
ਚਿੰਘਾੜਦਾ ਫਿਰਦਾ
ਜਿਉਂਦੇ ਲਹੂ ਦੀ ਭਮਕ 'ਤੇ
ਭਬਕਾਰਦਾ ਫਿਰਦਾ
ਸ਼ਿਅਰ ਦਾ ਬਾਜ਼ ਫੁੰਡਿਆ ਜਾਣ 'ਤੇ
ਹਾਲੇ, ਅਸੀਂ ਵਿਰਲਾਪ ਨਹੀਂ ਕਰਨਾ
ਅੱਖਾਂ ਦੀ ਸਿੱਲ੍ਹ ਨੂੰ ਅੱਜ ਦੀ ਘੜੀ
ਸੰਜੋਅ ਕੇ ਰੱਖਣਾ ਹੈ
ਬੱਸ, ਇਸਦੀ ਤਪਸ਼ ਫੜਨੀ ਹੈ
ਇਹਦੀ ਤਲਖੀ ਨੂੰ ਚੱਖਣਾ ਹੈ
ਤੇ ਸੁਰਖ਼ ਕੋਇਆਂ ਥੀਂ
ਅੱਜ ਰੋਹ ਦੀ ਨਜ਼ਮ ਪੜ੍ਹਨੀ ਹੈ
ਲਹੂ ਦੇ ਇਸ ਚੋਅ ਦਾ ਪਾਟ ਚੌੜਾ ਹੈ
ਅਜੇ ਕੁੱਝ ਦੂਰ ਤਰਨਾ ਹੈ
ਇਹ ਕਤਾਰ ਦੀ ਗਿਣਤੀ ਦਾ ਵੇਲਾ ਨਹੀਂ
ਅਜ ਦੰਦ-ਮੀਚ ਲੜਨਾ ਹੈ
ਚੰਡ ਨਾਲ ਪ੍ਰਚੰਡ ਹੋਏ
ਸਿਦਕ ਦੀ ਝੋਕ ਲਾ ਲਈਏ
ਹਿੱਕਾਂ ਦ ਸੱਲ ਅਨੇਕਾਂ
ਤਿਉੜੀਆਂ ਵਿਚ ਧੁੱਖ ਰਹੇ
ਬਿਖਰੀਆਂ ਚਿਣਗਾਂ ਜੁਟਾ ਲਈਏ
ਖੂੰਨੀ ਥੂਥਨੀ ਵਾਲੇ
ਇਸ ਜੱਤਲ ਰਿੱਛ ਦੇ ਪੈਰੀਂ
ਸੁਰਖ਼ ਲਾਂਬੂ ਉਠਾ ਲਈਏ
ਲਹੂ ਦਾ ਕਰਜ਼ ਲਾਹ ਲਈਏ
ਫੇਰ, ਡੱਕ ਹੰਝੂਆਂ ਦਾ
ਗੁੱਬ੍ਹ ਨਿਕਲਣ ਦਿਆਂਗੇ
ਯਾਰਾਂ ਦੇ ਵਿਗੋਚਿਆਂ ਦੀ
ਭੁੱਬ ਨਿਕਲਣ ਦਿਆਂਗੇ
ਉਡਦਿਆਂ ਬਾਜ਼ਾਂ ਦੀਆਂ
ਡਾਰਾਂ ਦਾ ਸਿਜਦਾ ਕਰਦਿਆਂ
ਫੁੰਡ ਗਏ ਇਸ ਗੀਤ ਦੀ
ਧੜਕਣ ਜਗਾਲਾਂਗੇ ਅਸੀਂ
ਫੇਰ ਆਪਣੇ ਪਾਸ਼ ਦਾ
ਮਾਤਮ ਮਨਾਲਾਂਗੇ ਅਸੀਂ
ਪਾਸ਼ ਦਾ ਮਾਤਮ ਨਹੀਂ
ਹਾਲ, ਵਿਦਾ-ਸੰਮਾਨ ਕਰਨਾ ਹੈ
No comments:
Post a Comment