Sunday, December 4, 2011

ਮੁਲਤਵੀ



ਮਾਏ ਮੇਰੀਏ ਜੇ ਆ ਗਏ ਦਿਨ ਸਾਡੇ, ਅਸੀਂ ਆਖਣੇ ਤੇਰੇ ਵੀ ਮੰਨ ਲਾਂਗੇ
ਇਹਨਾਂ ਸਿਰਾਂ ਤੇ ਬੱਝੇ ਨੇ ਕਫਨ ਹਾਲੇ, ਸਮਾਂ ਆਊ ਤਾਂ ਸਿਹਰੇ ਵੀ ਬੰਨ ਲਾਂਗੇ

ਸਾਡੇ ਪੈਰਾਂ ’ਚ ਸਮੇਂ ਦਿਆਂ ਜਾਬਰਾਂ ਨੇ, ਹਾਲੇ ਪਾਈਆਂ ਨਿਜਾਮ ਦੀਆਂ ਬੇੜੀਆਂ ਨੇ
ਰੁਖ ਹਵਾ ਦਾ ਖਵਰੇ ਕਿਧਰ ਲੈ ਜਾਏ, ਖਵਰੇ ਸਾਡੀਆਂ ਮੰਜਿਲਾਂ ਕਿਹੜੀਆਂ ਨੇ

ਸਾਡੇ ਹੱਥਾਂ ਨੂੰ ਮਿਲੀ ਹੈ ਕਲਮ ਐਸੀ, ਜਿਹਦੇ ਨਾਲ ਤਕਦੀਰ ਨਹੀਂ ਲਿਖੀ ਜਾਂਦੀ
ਇਹ ਵਿਰੜੇ ਲਿਖਦੀ ਹੈ ਖੁੰਝੀਆਂ ਚੂਰੀਆਂ ਦੇ, ਇਸ ਤੋਂ ਖਾਬਾਂ ਦੀ ਹੀਰ ਨਹੀਂ ਲਿਖੀ ਜਾਂਦੀ

ਨੀ ਓਹ ਖੰਜਰ ਦੀ ਨੋਕ ਨਾਲ ਲਿਖਣ ਵਾਲੇ, ਮਾਏ ਸਾਡੇ ਨਸੀਬ ਨਿਗਾਰ ਹੋ ਗਏ
ਜਿਹੜੇ ਕੱਲ ਤੱਕ ਸੀ ਆਪ ਵਿਕਾਊ ਏਥੇ , ਸਾਡੇ ਸਿਰਾਂ ਦੇ ਅੱਜ ਖਰੀਦਦਾਰ ਹੋ ਗਏ

ਅਸੀਂ ਖੜੇ ਆਂ ਹੱਥਾਂ ਵਿਚ ਹੁਨਰ ਲੈ ਕੇ, ਪਰ ਓਹ ਮੁੱਲ ਜਮੀਰ ਦਾ ਪੁੱਛਦੇ ਨੇ
ਸਾਡੇ ਸਬਰ ਨੂੰ ਸਹਿਮਤੀ ਕਹਿਣ ਵਾਲੇ, ਸੂਲ ਬਣਕੇ ਦਿਲਾਂ ਵਿਚ ਉਠਦੇ ਨੇ

ਤੇਰੀ ਮਮਤਾ ਤੇ ਸੱਧਰਾਂ ਨੇ ਐਸ ਪਾਸੇ, ਓਧਰ ਖਾਣ ਹਕੀਕਤਾਂ ਪੈਂਦੀਆਂ ਨੇ
ਤੇਰੇ ਬੰਨੇ ਨੂੰ ਦੀਹਦਾ ਨਹੀਂ ਕੋਈ ਬੰਨਾ, ਖਾਹਿਸ਼ਾਂ ਉਠ੍ਦੀਆਂ ਨੇ ਆਸਾਂ ਢਹਿੰਦੀਆਂ ਨੇ

ਹਾਲੇ ਮੁਲਤਵੀ ਰਹਿਣ ਦੇ ਸ਼ਗਨ ਸਾਡੇ, ਅਸਾਂ ਬੁਝਣਾਂ ਏਂ ਬਹੁਤ ਪਹੇਲੀਆਂ ਨੂੰ
ਹਾਲੇ ਮਹਿੰਦੀਆਂ ਤੋਂ ਵੱਧ ਛਾਲਿਆਂ ਦੀ, ਮਾਏ ਲੋੜ ਹੈ ਇਹਨਾਂ ਹਥੇਲੀਆਂ ਨੂੰ
"ਪੁਸਤਕ-ਮਰੁੰਡੀਆਂ ਡਾਲਾਂ" "ਲੇਖਕ-ਰਾਮ ਸਿੰਘ"

No comments:

Post a Comment