Friday, August 3, 2012

ਮੁੰਬਈ ਰੇਲ ਧਮਾਕੇਆਂ ਚ ਮਾਰੀ ਲੁਕਾਈ ਦੇ ਨਾਮ ਮੇਰੇ ਤੇ ਤੁਹਾਡੇ ਵੱਲੋਂ ਸ਼ਰਧਾਂਜਲੀ

ਖੂਨ ਆਪਣਾ ਹੋਵੇ ਯਾ ਪਰਾਯਇਆ ਹੋਵੇ
ਨਸ੍ਲੇ ਆਦਮ ਦਾ ਖੂਨ ਹੈ ਆਖਿਰ
ਜੰਗ ਪੂਰਬ ਚ ਹੋਵੇ ਜਾ ਪਛਮ ਦੇ ਵਿਚ
ਅਮਨ ਅਮਾਨ ਦਾ ਖੂਨ ਹੈ ਆਖਿਰ

ਬਮ੍ਬ ਘਰਾਂ ਤੇ ਗਿਰੇ ਜਾ ਸਰਹੱਦ ਉੱਤੇ
ਕੋਈ ਤਾ ਜਗਾਹ ਜ਼ਖਮ ਖਾਂਦੀ ਹੈ
ਖੇਤ ਆਪਣੇ ਜਲਨ ਜਾ ਹੋਰਾਂ ਦੇ
ਜਿੰਦਗੀ ਭੁਖਮਰੀ ਨਾਲ ਤਿਲ੍ਮਿਲਾਉਂਦੀ ਹੈ

ਟੈਂਕ ਅੱਗੇ ਵਧਣ ਜਾ ਪਿਛੇ ਹਟਣ
ਕੁਖ ਧਰਤੀ ਦੀ ਬਾਂਝ ਹੋ ਜਾਂਦੀ ਹੈ
ਹੋਵੇ ਜਿਤ ਦਾ ਜਸ਼ਨ ਯਾ ਹਾਰ ਦਾ ਸੋਗ
ਜਿੰਦਗੀ ਮਈਅਤ ਤੇ ਕੁਰਲਾਉਂਦੀ ਹੈ
ਜੰਗ ਖੁਦ ਹੀ ਇਕ ਮਸਲਾ ਹੈ
ਏਹਨੇ ਕੀ ਮਸ੍ਲੇਆਂ ਦਾ ਹੱਲ ਦੇਣਾ
ਅੱਗ ਤੇ ਖੂਨ ਏਹਨੇ ਅੱਜ ਦੇਣੇ
ਭੁਖਮਰੀ ਤੇ ਗਰੀਬੀ ਹੈ ਕੱਲ ਦੇਣਾ

ਸੁਨ ਸ਼ਰੀਫ਼ ਇਨਸਾਨਾ ਵੇ ਤੂ
ਜੰਗ ਟਲਦੀ ਰਹੇ ਤਾ ਚੰਗਾ ਹੈ
ਤੇਰੇ ਮੇਰੇ ਤੇ ਸਭ ਦੇ ਵੇਹੜੇ ਦੇ ਵਿਚ
ਸ਼ਮਾ ਜਲਦੀ ਰਹੇ ਤਾ ਚੰਗਾ ਹੈ

ਤਾਕਤਾਂ ਦਾ ਸਬੂਤ ਦੇਣ ਦੇ ਲਈ
ਖੂਨ ਬਹਾਉਣਾ ਹੀ ਦਸ ਜਰੂਰੀ ਹੈ ਕੀ ?
ਘਰ ਦਾ ਹਨੇਰਾ ਮਿਟਾਉਣ ਦੇ ਲਈ
ਘਰ ਜਲਾਉਣਾ ਹੀ ਦਸ ਜਰੂਰੀ ਹੈ ਕੀ ?

ਜੰਗ ਲਈ ਨੇ ਹੋਰ ਵੀ ਮੈਦਾਨ ਬੜੇ
ਕੱਲਾ ਐਥੇ ਬਸ ਮੈਦਾਨੇ ਜੰਗ ਹੀ ਨਹੀ
ਮਨੁਖ ਨੂ ਹਾਸਲ ਅਕਲਾਂ ਵੀ ਨੇ
ਏਹਦੇ ਪੱਲੇ ਇਕੱਲਾ ਆਤੰਕ ਹੀ ਨਹੀ

ਆਓ ਇਸ ਅਭਾਗੀ ਖਲਕਤ ਦੇ ਵਿਚ
ਅਸੀਂ ਸੋਚ ਦੀ ਰੋਸ਼ਨੀ ਨੂ ਆਮ ਕਰੀਏ
ਅਮਨ ਅਮਾਨ ਰਹੇ ਜੀਹਦੇ ਸਹਾਰੇ ਜੇਓੰਦਾ
ਅਜੇਹੇ ਸਾਹਵਾਂ ਦਾ ਇੰਤਜ਼ਾਮ ਕਰੀਏ

ਅੱਜ ਲੋੜ ਹੈ ਜੰਗ ਦੀ, ਚੰਦਰੀ ਜੰਗ ਦੇ ਨਾਲ
ਸ਼ਾਂਤੀ ਅਤੇ ਸ੍ਭੇਆਚਾਰ ਦੇ ਲਈ
ਅੱਜ ਲੋੜ ਹੈ ਜੰਗ ਦੀ, ਸਰਕਾਰਾਂ ਦੇ ਨਾਲ
ਮਨੁਖਤਾ ਦੇ ਨਾਲ ਡੂੰਘੇ ਪੇਆਰ ਦੇ ਲਈ
ਲੋੜ ਜੰਗ ਦੀ ਹੈ, ਸਾਮਰਾਜਵਾਦ ਦੇ ਨਾਲ
ਇਸ ਸਮਜ ਦੇ ਲੋਕਾਂ ਦੀ ਖੁਸ਼ੀ ਦੇ ਲਈ
ਲੋੜ ਜੰਗ ਦੀ ਹੈ, ਜੰਗ ਦੇ ਫ਼ਲ੍ਸਫੇਆਂ ਦੇ ਨਾਲ
ਅਮਨ ਪੁਰ ਅਮਨ ਜਿੰਦਗੀ ਦੇ ਲਈ.....

ਉਰਦੂ ਮੂਲ- ਸਾਹਿਰ ਲੁਧਿਆਨਵੀ
ਪੰਜਾਬੀ ਤਰਜਮਾ ;;;; ਸੁਖਵੀਰ ਸਰਵਾਰਾ


ਸਚ ਪੁਛੇਂ ਤਾਂ

ਸਚ ਪੁਛੇਂ ਤਾਂ ਜਿਸਮਾਂ ਦੇ
ਹੁਣ ਕੋਈ ਮਾਈਨੇ ਨਹੀਂ ਬਚੇ
ਹੋਰਾਂ ਦੇ ਰੂਪ ਦੀਆਂ ਰਿਸ਼ਮਾਂ ਦੇ
ਹੁਣ ਕੋਈ ਮਾਈਨੇ ਨਹੀ ਬਚੇ
ਮਾਈਨੇ ਜੇ ਬਚੇ ਨੇ
ਤਾ ਏਸ ਗੱਲ ਦੇ
ਕੇ ਸਫਰ ਭਾਵੇਂ ਰਾਹਵਾਂ ਦਾ ਹੋਵੇ
ਜਾਂ ਜਿੰਦਗੀ ਦੇ ਰਾਹਵਾਂ ਦਾ
ਤੇਰੇ ਸਾਥ ਤੋ ਬਿਨਾ
ਬੜੇ ਔਖੇ ਲਗਣੇ ਨੇ
ਮਾਈਨੇ ਜੇ ਬਚੇ ਨੇ
ਤਾ ਏਹਸਾਸ ਦੇ ਓਸ ਰਿਸ਼ਤੇ ਦੇ
ਆਪਾਂ ਦੋਹਾਂ ਦੇ ਜਿਸਮਾਂ ਨੂੰ
ਪਿਆਰ ਦੀ ਛਾਣਨੀ ਚ ਛਾਨਣ ਤੋ ਬਾਅਦ
ਜੋ  ਸਾਫ਼ ਆਟੇ ਵਾਂਗਰਾਂ ਆਪਾਂ ਦੋਹਾਂ ਦੀ
ਰੂਹ ਦੀ ਪਰਾਂਤ ਵਿਚ ਆ ਡਿਗਿਆ ਹੈ
...ਸਚ ਪੁਛੇਂ ਤਾਂ ਜਿਸਮਾਂ ਦੇ
ਹੁਣ ਕੋਈ ਮਾਈਨੇ ਨਹੀਂ ਬਚੇ
..................sukhveer

ਕਦੇ ਕਦੇ

ਕਦੇ ਕਦੇ ਮੇਰੇ ਅੰਦਰ
ਭਾਵਨਾਵਾਂ ਤੇ ਜਜਬਾਤਾਂ ਦੀਆਂ ਸੜਕਾਂ ਤੇ
ਮੇਰੇ ਦਿਲ ਦੇ ਚੌਰਾਹੇ 'ਚ
ਸ਼ਬਦਾਂ ਦੀ ਬੜੀ ਖੌਫਨਾਕ ਟੱਕਰ ਹੁੰਦੀ ਹੈ
ਜਿਹਦੇ 'ਚ ਦਮ ਤੋੜ ਜਾਂਦੇ ਨੇ
ਮੇਰੀਆਂ ਨਵੀਆਂ ਕਵਿਤਾਵਾਂ ਵਲ੍ਹ ਆਉਂਦੇ
ਸ਼ਬਦਾਂ ਦੇ ਕਾਫਲੇ
ਏਸ ਹਾਦਸੇ ਚੋਂ
ਜੇਓੰਦਾ ਬਚੇ ਜ਼ਖਮੀ ਸ਼ਬਦਾਂ ਨਾਲ
ਯਾਰੋ ਲਿਖ ਨਿਓਂ ਹੁੰਦੀ
ਮੇਰੇ ਤੋ ਕੋਈ ਨਜ਼ਮ
ਜੋ ਦੇ ਸਕੇ ਸਕੂਨ ਕਿਸੇ ਜ਼ਖਮੀ ਦਿਲ ਨੂੰ
ਫੱਟਾਂ ਤੇ ਲੱਗੀ ਮਹ੍ਲਮ ਵਾਂਗਰਾਂ

ਅਨ੍ਨਾ, ਮੈਂ ਲੋਕਪਾਲ ਬੋਲਦਾਂ

 ਅਨ੍ਨਾ ਮੈਂ ਲੋਕਪਾਲ ਬੋਲਦਾਂ, ਇਸ ਸਮੇ ਮੈਂ ਸੰਸਦ ਚੋ ਬੋਲ ਰਿਹਾਂ ਕਿਓਂ ਕੇ ਤੇਰੀ ਸੋਚ ਦੇ ਸ਼ੁਕ੍ਰਾਣੁ ਸੰਸਦ ਦੇ ਆਂਡਿਆਂ ਨਾਲ ਮੇਲ ਖਾ ਗਏ ਨੇ I ਤੇਰੀ  ਜਿੱਦ  ਤੋ ਡਰਦਿਆਂ ਨੇ ਦੋਹੇਂ ਸਦਨਾ ਦੇ ਮੈਮ੍ਬ੍ਰਾਂ ਨੇ ਮੇਰੇ ਬਾਰੇ ਸਿਧਾਂਤਕ ਮੰਜੂਰੀ ਦੇ ਦਿਤੀ ਹੈ I ਮੇਰਾ ਭਰੂਣ ਹੁਣ ਸੰਸਦ ਦੇ ਗਰਭ ਚ ਪਣਪਣਾ ਸ਼ੁਰੂ ਕਰ ਗਿਆ ਹੈ Iਮੈਨੂ ਬਹੁਤ ਡਰ ਲੱਗ ਰਿਹਾ ਹੈ I ਇਥੇ ਜੇਹੜੇ ਲੋਕ ਬੈਠੇ ਨੇ ਨਾ, ਬੜੇ ਭਿਆਨਕ ਨੇ....ਨਹੀਂ ਨਹੀਂ, ਮੈ ਸ਼ਕਲਾਂ ਦੀ ਨੀ, ਅਕਲਾਂ ਦੀ ਭਿਆਨਕਤਾ ਦੀ ਗੱਲ ਕਰ ਰਿਹਾ ਹਾਂ..'ਤੇ ਉਪਰੋਂ ਤੁਸੀਂ ਇਹਨਾ ਦੀ ਭਿਆਨਕਤਾ ਖਤਮ ਕਰਨ ਦੀ ਭਾਰੀ ਜ਼ਿਮ੍ਮੇਵਾਰੀ ਵਾਸਤੇ ਮੈਨੂ ਬੁਲਾ ਰਹੇ ਹੋ I

  ਪਰ ਮੈ ਤਾ ਹੁਨੇ ਤੋ ਹੀ ਬੜੀ ਦੁਭਿਧਾ ਚ ਫਸ ਗਿਆ ਹਾਂ I ਮੈਨੂ ਇਹ ਸਮਝ ਨਹੀਂ ਲੱਗ  ਰਹੀ ਕੇ ਮੈ ਤੈਨੂ ਆਪਣਾ ਪਿਤਾ ਕਹਾਂ ਜਾਂ 2 ਤਿਹਾਈ ਬਹੁਮਤ ਦੀ ਸਾਂਝੀ ਔਲਾਦ I ਚੱਲ ਛਡ," ਲੋਕਾਂ ਨੇ ਕਿਹੜਾ ਮੇਰਾ ਜਨਮ ਸਰਟੀਫੀਕੇਟ ਦੇਖਣਾ, ਓਹਨਾ ਨੂੰ,,, ਤੇ ਤੈਨੂ ਵੀ ਬਸ ਮੇਰਾ ਕੰਮ ਚਾਹਿਦਾ ਹੈ ਕੇ ਮੈ ਭ੍ਰਿਸ਼ਟਾਚਾਰ ਨੂੰ ਖਤਮ ਕਰ ਦਿਆਂ I
    ਹਾ ਹਾ ਹਾ  ਹਾ-- ਭ੍ਰਿਸ਼ਟਾਚਾਰ... ਤੇ ਮੈਂ ਲੋਕਪਾਲ- ਆਹ ਦੇਖ ਏਹਦਾ ਤਾ ਨਾਮ ਵੀ ਸਾਲਾ ਕਿੱਡਾ ਔਖਾ ਤੇ ਮੈਂ ਵਚਾਰਾ ਮਾੜਚੂ ਜਾ ਲੋਕਪਾਲ I
ਨਾਲੇ ਤੈਨੂ ਚਗਾ ਭਲਾ ਪਤਾ ਵੀ ਇਹ ਗੰਦ ਦੀ ਨਦੀ ਇਸੇ ਸੰਸਦ ਚੋ ਫੁਟਦੀ ਆ ਤੇ ਇਹ ਵੀ,,, ਕੇ ਪਾਣੀ ਨਿਵਾਣ ਨੂੰ ਵਗਦਾ,,, ਫੇਰ ਛੋਟੀ ਅਫਸਰਸ਼ਾਹੀ ਨੇ ਤਾ ਭ੍ਰਿਸ਼ਟ ਹੋਣਾ ਈ ਹੋਇਆ I ਨਾਲੇ ਇਹ ਭ੍ਰਿਸ਼ਟਾਚਾਰ ਤਾਂ ਹੁਣ ਇਹਨਾ ਚਿਟਕਪੜੀਆਂ ਦੇ ਖੂਨ'ਚ ਹਿਮੋਗਲੋਬੀਨ ਦੀ ਥਾਂ ਲੈਗਿਆ 'ਤੇ ਜਿਹੜਾ ਵੀ ਏਹਦੇ ਨਾਲ ਲੜਨ ਦੀ ਕੋਸ਼ਿਸ਼ ਕਰਦਾ ਇਹ ਆਵਦੇ ਲਹੂ ਦਾ ਟੀਕਾ ਓਹਦੇ ਵੀ ਲਾ ਦਿੰਦੇ ਆ I 
    ਸਚ ਓਹਦੇ ਤੋਂ ਯਾਦ ਆਇਆ ,ਮੇਰੇ ਤਾਏ ਦਾ ਮੁੰਡਾ ਵਿਜੀਲੇੰਸ ਤੇ ਭੂਆ ਦੀ ਕੁੜੀ ਸੀ.ਬੀ.ਆਈ ਵੀ ਤਾਂ ਤੁਸੀਂ ਭੇਜੀ ਸੀ ਭ੍ਰਿਸ਼ਟਾਚਾਰ ਨਾਲ ਲੜਨ ਵਾਸਤੇ..ਕੀ ਬਣਿਆ ???? ਇਹਨਾ ਕੰਜਰਾਂ ਦੇ ਟੋਲੇ ਨੇ ਲਹੂ ਦਾ ਟੀਕਾ ਓਹਨਾ ਦੇ ਵੀ ਲਾਤਾ 'ਤੇ ਅਖੇ ਚੋਰ ਨਾਲੋਂ ਪੰਡ ਕਾਹਲੀ,,  ਅੱਗੋਂ ਓਹ ਵੀ ਕਾਹਲੇ ਸੀ ਲਵਾਉਣ ਨੂੰ ਤਾਹੀਂ ਤਾ ਓਹਨਾ ਨੂੰ ਹੁਣ ਭੈਣ ਭਾਈ ਕਹਿਣ ਨੂ ਰੂਹ ਨੀ ਕਰਦੀ I

ਤਾਏ ਦਾ ਮੁੰਡਾ ਜੇ ਇਹਨਾ ਦੀਆਂ ਉਂਗਲਾਂ ਤੇ ਨਾਂ ਚੜ੍ਹਿਆ ਹੁੰਦਾ ਤਾ 'ਕੱਲੇ ਪੰਜਾਬ ਚੋਂ ਈ ਰੋਜ਼ ਇਕ ਰਵੀ ਸਿਧੂ ਫੜ੍ਹਿਆ ਜਾਣਾ ਸੀ ਤੇ ਭੂਆ ਦੀ ਕੁੜੀ ਦੀ ਵੀ ਸੁਣ ਲੈ ਹੁਣ ਲੱਗੇ ਹਥੀਂ. ਜੇ ਓਹ ਚੱਜ ਦੀ ਹੁੰਦੀ ਤਾਂ ਰੂਚਿਕਾ ਕਤਲ ਕਾਂਡ ਮਿੰਟੋ ਮਿੰਟੀ ਹਲ ਹੋਗਿਆ ਹੁੰਦਾ ਤੇ ਨਾ ਹੀ ਜੈਸੀਕਾ ਦੇ ਕੇਸ ਚ ਗਵਾਹ ਮੁੱਕਰ ਸਕਦੇ ਸੀ  
ਪਰ ਤੁਸੀਂ ਯਾਰ ਹੁਣ ਸਾਰੇ ਕੰਮ ਮੇਰੇ ਤੇ ਈ ਛਡਣ ਨੂ ਫਿਰਦੇ ਓਂ... ਆ ਦੋਹੇਂ ਭੈਣ ਭਰਾਵਾਂ ਦੇ ਜੀਨਸ ਵੀ ਮੇਰੇ ਵਿਚ ਰਲਾ'ਤੇ ....

ਚਲੋ ਕੋਈ ਨਹੀਂ ਬੰਦਾ ਕੀ ਕਰ ਸਕਦਾ ਅਖੀਰ," ਸਿਰਫ ਕੋਸ਼ਿਸ਼ "ਚਲੋ ਮੈਂ ਕਰ ਲਵਾਗਾ I
  ਪਰ ਪਹਿਲਾਂ ਇਕ ਐਂਟੀ ਭ੍ਰਿਸ਼ਟਾਚਾਰ ਟੀਕਾ ਡਾਕਟਰਾਂ ਤੋ ਇਜਾਦ ਕਰਵਾ ਕੇ ਮੇਰੀ ਟੀਮ ਦੇ ਮੇਮ੍ਬ੍ਰਾਂ ਦੇ ਜਰੂਰ ਲਵਾ ਦਿਓ, ਕਿਓਂ ਕੇ ਮੈਂ ਸੁਣਿਆ ਤੁਸੀਂ ਦੁਧ ਦੀ ਰਾਖੀ ਬਿੱਲੇ ਨੂ ਬਠਾਉਣ ਲੱਗੇ ਹੋ I ਜਰਾ ਸੋਚ ਕਰੋ ਯਾਰ, ਜੇਹੜੇ ਮੁਲਕ ਚ ਜੱਜਾਂ ਖਿਲਾਫ਼ ਮਹਾਦੋਸ਼ ਸਿਧ ਹੁੰਦੇ ਰਹੇ ਹੋਣ ਓਹਨਾ ਦੇ ਹਥ ਚ ਮੇਰੀ ਲਗਾਮ ਕਿੰਨੀ ਕੁ ਸੋਹਣੀ ਲੱਗੂ?? ਫੇਰ ਮੈਨੂ ਦੋਸ਼ ਨਾ ਦੇਣਾ ਕੇ ;ਲੋਕਪਾਲ ਵੀ ਭ੍ਰਿਸ਼ਟ ਹੋ ਗਿਆ,,
  'ਤੇ ਹਾਂ, ਜੇ ਪੰਜਾਬ ਦੇ ਭ੍ਰਿਸ਼ਟਾਚਾਰ ਨਾਲ ਵੀ ਮੈਨੂ ਲੜਾਉਣ ਦੀ ਸਲਾਹ ਹੈ ਥੋਡੀ ਤਾਂ ਮੇਰੇ ਜੰਮਣ ਤੋਂ  ਪਹਿਲਾਂ ਇਕ ਵਧੀਆ ਜਾ ਬਾਡੀ ਟੋਨਰ ਪੋਉਡਰ ਮੰਗਵਾ ਕੇ ਰਖਿਓ ਮੇਰੇ ਲਈ, ਕਿਓਂਕੇ ਓਥੇ ਤਾਂ ਬਈ ਸਾਨ੍ਹਾ ਦੇ ਬੜੇ ਭਿਆਨਕ ਟੋਲੇ ਨੇ .ਤੇ ਜੇ ਮੈਂ ਮੈਂ ਪੰਜਾਬ ਦੀ ਭੂਮੀ ਤੇ ਜੰਗ ਜਿੱਤ ਗਿਆ ਨਾ ਤਾਂ ਸਾਰੇ ਦਫਤਰ ਸਣੇ ਕਲਰਕਾਂ ਖਾਲੀ ਹੋ ਜਾਣੇ ਨੇ.. ਬਾਕੀ ਤੁਸੀਂ ਆਪ ਸਿਆਣੇ ਓ I
ਨਾਲੇ ਕੀ ਕਰੋਂਗੇ ਯਾਰ ਮੈਨੂ ਕਾਨੂਨ ਬਣਾ ਕੇ,,ਤੁਸੀਂ ਕਿਵੇਂ ਭੁਲਗੇ... ਇਥੇ ਕਾਨੂਨ, ਕਾਨੂਨ ਬਣਾਉਣ ਵਾਲਿਆਂ ਦੀ ਰਖੇਲ ਹੁੰਦੇ ਨੇ, ਜੇ ਅਜਿਹਾ ਨਾਂ ਹੁੰਦਾ ਤਾ ਅਮ੍ਬੇਦਕਰ ਦੀ ਮੁੰਦਰੀ ਨੂੰ 94 ਟਾਂਕੇ ਨਹੀਂ ਸੰਨ ਲੱਗਣੇ..
  ਅਛਾ ਹੁਣ ਮੈਂ ਚਲਦਾਂ, ਤੂੰ ਆਪਣੀ ਸਿਹਤ ਦਾ ਖਿਆਲ ਰਖੀੰ ਤੇ ਮੇਰੇ ਭ੍ਰ੍ਰੁਣ ਦਾ ਵੀ, ਕਿਓਂ ਕੇ ਇਹ ਕੰਸਾ ਦਾ ਟੋਲਾ ਕਿਸੇ ਵੀ ਸਮੇ ਸੰਸਦ ਦੇ ਗਰਭਪਾਤ ਦੀ ਸਾਜਿਸ਼ ਰਚ ਸਕਦਾ I ਬਾਕੀ ਗੱਲਾਂ ਮੇਰੇ ਆਉਣ ਤੇ ਕਰਾਂਗੇ .
ਅੰਨਾ,,,,ਮੈਂ ਲੋਕਪਾਲ ਬੋਲਦਾਂ      
.............................................................................................................ਸੁਖਵੀਰ ਸਰਵਾਰਾ

ਕੁਝ ਤਾਂ ਹੈ

ਤੇਰੇ ਮੇਰੇ ਵਿਚ ਕੁਝ ਤਾਂ ਹੈ
ਤੇਰੇ ਮੇਰੇ ਵਿਚ ਕੁਝ ਤਾਂ ਹੈ

ਕੁਝ ਤਾਂ ਹੈ ਜੋ ਬਸ ਨੈਣ ਮੇਰੇ
ਤੈਨੂ ਹੀ ਤੱਕਣਾ ਚਾਹੁੰਦੇ ਨੇ
ਕੁਝ ਤਾਂ ਹੈ ਜੋ ਪੈੜ ਤੇਰੀ
ਪੈਰ ਮੇਰੇ ਨ੍ਪ੍ਣਾ ਚਾਹੁੰਦੇ ਨੇ
ਕੁਝ ਤਾਂ ਹੈ ਮੇਰਾ ਚੰਨ ਕਹੇ
ਤੇਰੀ ਰਾਤ ਨੂੰ ਰੌਸ਼ਨ ਕਰ ਜਾਵਾਂ
ਕੁਝ ਤਾਂ ਹੈ ਮੇਰਾ ਰਗ-ਰਗ ਚਾਹਵੇ
ਹਰ ਪੀੜ ਤੇਰੀ ਨੂੰ ਜਰ ਜਾਵਾਂ
ਕੁਝ ਤਾਂ ਹੈ ਤੂੰ ਤੱਕ ਕੇ ਮੈਨੂੰ
ਸੰਗ ਕੇ ਨਜ਼ਰ ਚੁਰਾਉਂਦੀ ਏਂ
ਕੁਝ ਤਾਂ ਹੈ ਕੇ ਕੁਝ ਨਾ ਹੁੰਦਿਆਂ
ਜੋ ਕੁਝ ਹੈ ਦਸਣਾ ਚਾਹੁੰਦੀ ਏਂ
ਕੁਝ ਤਾਂ ਹੈ ਜੋ ਸੱਜਣਾ ਮੇਰੀ
ਨੀਂਦ ਤੇ ਕਬਜ਼ਾ ਤੇਰਾ ਹੈ
ਕੁਝ ਤਾਂ ਹੈ ਮੇਰੇ ਕਦਮ ਕਹਿਣ
ਤੁਰਨਾ ਤੇਰੇ ਨਾਲ ਪੰਧ ਲਮੇਰਾ ਹੈ
ਕੁਝ ਤਾਂ ਹੈ ਕੇ ਮੈਂ ਵੀ ਚਾਹਾਂ
ਸਾਂਝੀ ਆਪਣੀ ਤਕਦੀਰ ਹੋਵੇ
ਕੁਝ ਤਾਂ ਹੈ ਸੁਖਵੀਰ ਚਾਹੇ
ਤੇਰੇ ਹਰ ਫੱਟ ਤੇ ਬੰਨੀ ਲੀਰ ਹੋਵੇ

ਤੇਰੇ ਮੇਰੇ ਵਿਚ ਕੁਝ ਤਾਂ ਹੈ
ਤੇਰੇ ਮੇਰੇ ਵਿਚ ਕੁਝ ਤਾਂ ਹੈ

ਮੇਰਾ ਵਜੂਦ

ਮੇਰਾ ਵਜੂਦ ਹੈ ਡੂੰਘੇ ਪਾਣੀ ਜੇਹਾ
ਨਹੀਂ ਲਹਿਰ ਦਾ ਉੱਤਲਾ ਛੱਲਾ ਹਾਂ
ਭਾਵੇਂ ਲਖ ਬਣਾ ਕਦੇ ਪਥਰ ਦਿਲ
ਪਰ ਅਸਲ'ਚ ਮੋਮ ਦਾ ਪੁਤਲਾ ਹਾਂ 

ਵੈਰੀ ਤੇ ਸਾਧੇ ਨਿਸ਼ਾਨੇ ਦਾ,
 ਮੈਨੂ ਕੇਂਦਰ ਬਿੰਦੁ ਕਹਿ ਸਕਦੇ
ਸੱਜਾ ਹਾਂ ਨਾਂ ਖੱਬਾ ਹਾਂ
ਉਰਲਾ ਹਾਂ ਨਾਂ ਪਰਲਾ ਹਾਂ,

ਸਮਝਣ ਲਈ ਤੋਰ ਜਮਾਨੇ ਦੀ
ਮੈਂ ਚੁਸਤ ਚਲਾਕ ਬਥੇਰਾ ਹਾਂ
ਇਹ ਵੀ ਸਚ ਹੈ ਇਸ਼ਕ਼ ਚ ਓਹਦੇ
ਬਿਲਕੁਲ ਹੋਇਆ ਝੱਲਾ ਹਾਂ,

ਨੀਲੇ  ਅੰਬਰ ਨੂੰ ਛੂਹਣ ਲਈ
ਪਰਬਤ ਦੀ ਚੋਟੀ ਵਾਂਗ ਬਣਾਂ
ਧਰਤੀ ਲੜ ਲੱਗ ਰਹਿਣ ਲਈ
ਮੈਂ ਹਰ ਜੁੱਤੀ ਦਾ ਥੱਲਾ ਹਾਂ 

ਲਖਾਂ ਰੀਝਾਂ ਸੰਗ ਕਢ ਕੇ ਦਿੱਤਾ
ਰੁਮਾਲ ਵੀ ਭਾਵੇਂ ਕਹਿ ਸਕਦੇ
ਜਾਂ ਖਿਝ ਕੇ ਉਂਗਲੋਂ ਲਾਹ ਕੇ ਸੁੱਟੀ
ਪਿਆਰ ਨਿਸ਼ਾਨੀ ਛੱਲਾ ਹਾਂ 

ਮੇਰੀਆਂ ਨਜਮਾ ਸਭ ਗੀਤ ਮੇਰੇ
ਸ਼ਰੀਕ ਮੇਰੀ ਤਨਹਾਈ ਵਿਚ
ਸੁਖਵੀਰ ਕਦੇ ਨਹੀਂ ਕਹਿ ਸਕਦਾ
ਮੈਂ ਬਿਲਕੁਲ ਹੋਇਆ 'ਕੱਲਾ ਹਾਂ

ਸੱਜਣਾ ਸੰਭਾਲ

ਸੱਜਣਾ ਸੰਭਾਲ ਓਏ ਤੂੰ ਖੁਦ ਨੂੰ ਸੰਭਾਲ ਵੇ
ਚੰਗੀ ਮਾੜੀ ਹੁੰਦੀ ਰਿਹੰਦੀ ਸਾਰਿਆਂ ਦੇ ਨਾਲ ਵੇ  

ਬਹਾਰਾਂ ਵਾਲੀ ਰੁੱਤ ਦੇ ਨਜ਼ਾਰਿਆਂ ਦੀ ਆਸ ਰਖ
ਲੰਘ ਹੀ ਨੇ ਜਾਂਦੇ ਸਭ ਹੜ੍ਹ ਤੇ ਸਿਆਲ ਵੇ

ਉਮੀਦਾ ਵਾਲੇ ਚੱਪੂ ਨੇ ਹੀ ਪੱਤਣਾ ਤੇ ਲਾਉਣੀ ਬੇੜੀ
ਹੜ੍ਹ ਚਾਹੇ ਕਿੰਨਾ ਤੇਜ਼ ਕਿੰਨੀ ਉਚੀ ਝਾਲ ਵੇ

ਡਰ ਨਾ ਹਨੇਰਿਆਂ ਤੋਂ ਮਗਰੇ ਸਵੇਰਾ ਬਸ
ਤੂੰ ਸੁਪਨੇ ਹਸੀਨ ਰਖੀੰ ਨੈਣਾ ਵਿਚ ਪਾਲ ਵੇ 

ਹੌਂਸਲੇ ਦੀ ਭਠੀ ਸਭ ਝੋਕ ਕੇ ਮੁਸੀਬਤਾਂ ਨੂੰ
ਸੁਖਾਂ ਦੇ ਸੰਚੇ ਮਰਜ਼ੀ ਦੇ ਲਵੀਂ ਫੇਰ ਢਾਲ ਵੇ

ਖੁਦ ਦਾ ਤੂੰ ਸਾਥ ਦੇ, ਖੁਦਾ ਵੀ ਤੇਰੇ ਨਾਲ ਫੇਰ
"ਸੁਖਵੀਰ" ਫੇਰ ਵੇਖੀਂ ਕਿਵੇਂ ਮੁਕਦੇ ਜੰਜਾਲ ਵੇ