Sunday, December 4, 2011

ਮੁਲਤਵੀ



ਮਾਏ ਮੇਰੀਏ ਜੇ ਆ ਗਏ ਦਿਨ ਸਾਡੇ, ਅਸੀਂ ਆਖਣੇ ਤੇਰੇ ਵੀ ਮੰਨ ਲਾਂਗੇ
ਇਹਨਾਂ ਸਿਰਾਂ ਤੇ ਬੱਝੇ ਨੇ ਕਫਨ ਹਾਲੇ, ਸਮਾਂ ਆਊ ਤਾਂ ਸਿਹਰੇ ਵੀ ਬੰਨ ਲਾਂਗੇ

ਸਾਡੇ ਪੈਰਾਂ ’ਚ ਸਮੇਂ ਦਿਆਂ ਜਾਬਰਾਂ ਨੇ, ਹਾਲੇ ਪਾਈਆਂ ਨਿਜਾਮ ਦੀਆਂ ਬੇੜੀਆਂ ਨੇ
ਰੁਖ ਹਵਾ ਦਾ ਖਵਰੇ ਕਿਧਰ ਲੈ ਜਾਏ, ਖਵਰੇ ਸਾਡੀਆਂ ਮੰਜਿਲਾਂ ਕਿਹੜੀਆਂ ਨੇ

ਸਾਡੇ ਹੱਥਾਂ ਨੂੰ ਮਿਲੀ ਹੈ ਕਲਮ ਐਸੀ, ਜਿਹਦੇ ਨਾਲ ਤਕਦੀਰ ਨਹੀਂ ਲਿਖੀ ਜਾਂਦੀ
ਇਹ ਵਿਰੜੇ ਲਿਖਦੀ ਹੈ ਖੁੰਝੀਆਂ ਚੂਰੀਆਂ ਦੇ, ਇਸ ਤੋਂ ਖਾਬਾਂ ਦੀ ਹੀਰ ਨਹੀਂ ਲਿਖੀ ਜਾਂਦੀ

ਨੀ ਓਹ ਖੰਜਰ ਦੀ ਨੋਕ ਨਾਲ ਲਿਖਣ ਵਾਲੇ, ਮਾਏ ਸਾਡੇ ਨਸੀਬ ਨਿਗਾਰ ਹੋ ਗਏ
ਜਿਹੜੇ ਕੱਲ ਤੱਕ ਸੀ ਆਪ ਵਿਕਾਊ ਏਥੇ , ਸਾਡੇ ਸਿਰਾਂ ਦੇ ਅੱਜ ਖਰੀਦਦਾਰ ਹੋ ਗਏ

ਅਸੀਂ ਖੜੇ ਆਂ ਹੱਥਾਂ ਵਿਚ ਹੁਨਰ ਲੈ ਕੇ, ਪਰ ਓਹ ਮੁੱਲ ਜਮੀਰ ਦਾ ਪੁੱਛਦੇ ਨੇ
ਸਾਡੇ ਸਬਰ ਨੂੰ ਸਹਿਮਤੀ ਕਹਿਣ ਵਾਲੇ, ਸੂਲ ਬਣਕੇ ਦਿਲਾਂ ਵਿਚ ਉਠਦੇ ਨੇ

ਤੇਰੀ ਮਮਤਾ ਤੇ ਸੱਧਰਾਂ ਨੇ ਐਸ ਪਾਸੇ, ਓਧਰ ਖਾਣ ਹਕੀਕਤਾਂ ਪੈਂਦੀਆਂ ਨੇ
ਤੇਰੇ ਬੰਨੇ ਨੂੰ ਦੀਹਦਾ ਨਹੀਂ ਕੋਈ ਬੰਨਾ, ਖਾਹਿਸ਼ਾਂ ਉਠ੍ਦੀਆਂ ਨੇ ਆਸਾਂ ਢਹਿੰਦੀਆਂ ਨੇ

ਹਾਲੇ ਮੁਲਤਵੀ ਰਹਿਣ ਦੇ ਸ਼ਗਨ ਸਾਡੇ, ਅਸਾਂ ਬੁਝਣਾਂ ਏਂ ਬਹੁਤ ਪਹੇਲੀਆਂ ਨੂੰ
ਹਾਲੇ ਮਹਿੰਦੀਆਂ ਤੋਂ ਵੱਧ ਛਾਲਿਆਂ ਦੀ, ਮਾਏ ਲੋੜ ਹੈ ਇਹਨਾਂ ਹਥੇਲੀਆਂ ਨੂੰ
"ਪੁਸਤਕ-ਮਰੁੰਡੀਆਂ ਡਾਲਾਂ" "ਲੇਖਕ-ਰਾਮ ਸਿੰਘ"

Saturday, September 10, 2011

ਐ ਪਾਸ਼,




ਬੇਜਾਨ ਅਸਾਲਟਾਂ
ਹਾਰ ਜਾਣਗੀਆਂ ਮਨੁੱਖੀ ਜਜ਼ਬੇ ਦੇ ਅੱਗੇ,
ਪਾਟੋਧਾੜ ਨੂੰ ਸ਼ਿਕਸਤ ਦਏਗੀ
ਭਾਈਚਾਰਕ ਸਾਂਝ,
ਸਾਂਝੀਵਾਲਤਾ ਦੇ ਜੱਫੇ 'ਚ
ਦਮ ਤੋੜ ਦਏਗਾ
ਜਨੂੰਨ ਤੇ ਫਿਰਕਾਪ੍ਰਸਤੀ ਦਾ ਦੈਂਤ,
ਗਾਹਲਾਂ, ਭੰਡੀ ਤੇ ਕੂੜ ਦੇ ਪ੍ਰਚਾਰ ਨਾਲੋਂ
ਜੇਤੂ ਹੋ ਨਿੱਬੜੇਗੀ ਕਵਿਤਾ,
ਤੂੰ ਆਪਣੇ ਵੈਰੀ ਨਾਲੋਂ
ਲੰਬੀ ਉਮਰ ਭੋਗੇਂਗਾ,
ਐ ਪਾਸ਼,
ਤੇਰੀ ਗੋਲੀਆਂ ਵਿੰਨੀ ਛਾਤੀ,
ਸਦਾ ਸਾਹ ਲਏਗੀ! 


Sudeep Singh

Friday, September 9, 2011

a glance about paash - ਪਰਮਜੀਤ ਸਿੰਘ (ਕੱਟੂ)

ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੋਇਆ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸਦੀਆਂ ਕਵਿਤਾਵਾਂ ਨਿੱਤ ਨਵੇਂ ਅਰਥ ਸਿਰਜਦੀਆਂ, ਨਵੀਆਂ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕਰਦੀਆਂ ਹੋਈਆਂ ਦੇਸ਼/ਕਾਲ ਤੋਂ ਪਾਰ ਜਾਣ ਦੀ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ਼ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨੇਰੀਆਂ ਵਿਚ ਵੀ ਚੌਰਾਹੇ ਦੀਵਾ ਬਾਲਣ ਦਾ ਹੌਸਲਾ ਰੱਖਦਾ ਰਿਹਾ। ਇਹੀ ਸਾਰਾ ਜੀਵਨ ਅਨੁਭਵ/ਦ੍ਰਿਸ਼ਟੀ ਉਸਦੀ ਕਵਿਤਾ ’ਚ ਢਲਦੀ ਰਹੀ, ਜਿਸ ਕਰਕੇ ਉਸਦੀ ਕਵਿਤਾ ਵਿਲੱਖਣ, ਮੌਲਿਕ ਤੇ ਸੱਜਰਾ ਮੁਹਾਂਦਰਾ ਰੱਖਦੀ ਹੈ।ਡਾ. ਰਾਜਿੰਦਰ ਪਾਲ ਸਿੰਘ ਬਰਾੜ ਅਨੁਸਾਰ, “ਪਾਸ਼ ਨਾਬਰੀ ਤੇ ਬਰਾਬਰੀ ਦਾ ਸ਼ਾਇਰ ਸੀ ਜਿਸ ਨੂੰ ਮਾਨਵੀ ਸ਼ਾਨ ਵਾਲੀ ਜ਼ਿੰਦਗੀ ਜਿਉਣ ਦੀ ਤੀਰਬ ਲੋਚਾ ਸੀ।” ਇਥੇ ਅਸੀਂ ਸਿਰਫ ਪਾਸ਼ ਦੀ ਜ਼ਿੰਦਗੀ ਦਾ ਸੰਖੇਪ ਰੂਪ ਚ ਚਰਚਾ ਕਰਾਂਗੇ।
9 ਸਤੰਬਰ 1950 ਨੂੰ ਜਲੰਧਰ ਜਿਲ੍ਹੇ ਦੇ ਪਿੰਡ ਤਲਵੰਡੀ ਸਲੇਮ ਵਿਖੇ ਇਕ ਬਾਲਕ ਦਾ ਜਨਮ ਹੋਇਆ। ਜਿਸਦਾ ਪਰਿਵਾਰ ਨੇ ਨਾਂ ਰੱਖਿਆ - ਅਵਤਾਰ ਸਿੰਘ ਸੰਧੂ। ਜਿਸਦੇ ਪਿਤਾ ਦਾ ਨਾਂ ਸੋਹਣ ਸਿੰਘ ਸੰਧੂ, ਜੋ ਬਾਅਦ ਚ ਫੌਜ ਵਿਚੋਂ ਮੇਜਰ ਦੇ ਆਹੁਦੇ ਤੋਂ ਸੇਵਾ-ਮੁਕਤ ਹੋਇਆ, ਅਤੇ ਮਾਤਾ ਦਾ ਨਾਂ ਨਸੀਬ ਕੌਰ ਸੀ। ਅਵਤਾਰ ਹੋਰੀਂ ਚਾਰ ਭੈਣ-ਭਰਾ ਸਨ। ਅਵਤਾਰ ਆਪਣੇ ਭਰਾ ਓਂਕਾਰ ਸਿੰਘ ਤੋਂ ਛੋਟਾ ਅਤੇ ਦੋਹਾਂ ਭੈਣਾਂ, ਰਜਿੰਦਰ ਤੇ ਪਰਮਿੰਦਰ ਤੋਂ ਵੱਡਾ ਸੀ। ਇਹੀ ਅਵਤਾਰ ਸਿੰਘ ਸੰਧੂ ਪੰਜਾਬੀ ਦਾ ਸਿਰਕੱਢ ਕਵੀ ਪਾਸ਼ ਸੀ। 
ਬਚਪਨ ਤੋਂ ਹੀ ਪਾਸ਼ ਸੰਵੇਦਨਸ਼ੀਲ ਬੱਚਾ ਸੀ। ਛੇ ਸਾਲ ਦੀ ਉਮਰ ਵਿਚ ਉਸਨੂੰ ਗੁਆਂਢੀ ਪਿੰਡ ਖੀਵਾ ਵਿਖੇ ਪੜ੍ਹਨ ਲਾ ਦਿੱਤਾ। ਜਿਥੋਂ ਪਾਸ਼ ਨੇ 1964 ਵਿਚ ਅੱਠਵੀਂ ਦੀ ਪ੍ਰੀਖਿਆ ਪਾਸ ਕਰ ਲਈ। ਪਾਸ਼ ਨੇ ਆਜ਼ਾਦਾਨਾ ਸੁਭਾਅ ਕਾਰਨ ਨੌਵੀਂ ਕਲਾਸ ਵਿਚ ਦਾਖਲ ਹੋਣ ਦੀ ਥਾਂ ਕਪੂਰਥਲੇ ਖੁੱਲ੍ਹੇ ਤਕਨੀਕੀ ਸਕੂਲ ਵਿਚ ਦਾਖਲਾ ਲੈ ਲਿਆ। ਜਿਸ ਤੋਂ ਇਕ ਵਾਰ ਤਾਂ ਇਹ ਵੀ ਜਾਪਦਾ ਹੈ ਕਿ ਜਿਵੇਂ ਪਾਸ਼ ਰੋਜ਼ਗਾਰ ਪ੍ਰਤੀ ਚੇਤੰਨ ਹੋਵੇ। ਪਰ ਪਾਸ਼ ਨੇ ਡਿਪਲੋਮਾ ਪਾਸ ਨਹੀਂ ਕੀਤਾ ਅਤੇ ਉਸਦੀ ਖੱਬੇ ਪੱਖੀ ਰਾਜਨੀਤਿਕ ਕਾਰਕੁਨਾਂ ਨਾਲ ਮੇਲ-ਜੋਲ ਦੀ ਸ਼ੁਰੂਆਤ ਹੋ ਗਈ। ਤੇ ਜਿਵੇਂ ਪਾਸ਼ ਦੀ ਜ਼ਿੰਦਗੀ ਨੇ ਆਪਣਾ ਰੁਖ਼ ਹੀ ਬਦਲ ਲਿਆ, ਜੋ ਪਹਿਲਾਂ ਆਮ ਮੁੰਡਿਆਂ ਵਰਗਾ ਸੀ:
ਮੁੰਡਿਓ, ਮੈਂ ਵੀ ਕਦੇ ਤੁਹਾਡੇ ਵਰਗਾ ਸਾਂ
ਨਿੱਕੀਆਂ ਨਿੱਕੀਆਂ ਚੋਰੀਆਂ ਕਰਦਾ ਹੋਇਆ ਵੀ ਚੋਰ ਨਹੀਂ ਸਾਂ
ਗੱਲ ਗੱਲ ’ਤੇ ਪੱਜ ਲਾਉਂਦਾ ਸਾਂ, ਪਰ ਮੈਂ ਝੂਠਾ ਨਹੀਂ ਸਾਂ
ਨੰਗਾ ਨਹੀਂ ਸਮਝਿਆ ਜਾਂਦਾ ਸਾਂ, ਭਾਵੇਂ ਨਿੱਤ ਕੱਪੜੇ ਲੰਗਾਰ ਪਰਤਦਾ
ਬੁੜੀ ਪੁੰਨਾ ਦਾ ਵਿੰਗਾ ਚਰਖੇ ਦਾ ਤੱਕਲਾ ਸਦਾ ਈ ਮੇਰੇ ਸਿਰ ਲੱਗਦਾ
ਪਰ ਥਾਣੇ ਦੀਆਂ ਕਿਤਾਬਾਂ ਵਿਚ ਮੇਰਾ ਨਾਮ ਨਾ ਚੜ੍ਹਦਾ,
....
ਗੱਲ ਕੀ, ਇਨ ਬਿਨ ਤੁਹਾਡੇ ਵਰਗਾ ਸਾਂ 
......................................
1967 ਵਿਚ ਪਾਸ਼ ਬਾਰਡਰ ਸਕਿਓਰਿਟੀ ਫੋਰਸ ਵਿਚ ਹੋ ਗਿਆ ਪਰ ਤਿੰਨ ਮਹੀਨਿਆਂ ’ਚ ਹੀ ਇਹ ਨੌਕਰੀ ਛੱਡ ਆਇਆ। ਜਲੰਧਰ ਛਾਉਣੀ ਵਿਖੇ ਜੈਨ ਹਾਈ ਸਕੂਲ ਤੋਂ ਨੌਂਵੀਂ ਜਮਾਤ ਪਾਸ ਕੀਤੀ। ਇਥੇ ਪਾਸ਼ ਦਾ ਇਕ ‘ਪ੍ਰਵੇਸ਼’ ਨਾਮ ਦੀ ਅਧਿਆਪਕਾ ਨਾਲ ਆਦਰਸ਼ਕ ਮੋਹ ਹੋ ਗਿਆ ਤੇ ਉਸ ਨੇ ਆਪਣਾ ਉਪਨਾਮ ‘ਪਾਸ਼’ ਵੀ ਇਸੇ ਅਧਿਆਪਕਾ ਦੇ ਨਾਮ ਦੇ ਪਹਿਲੇ ਤੇ ਆਖ਼ਰੀ ਅੱਖਰ ਨੂੰ ਜੋੜ ਕੇ ਬਣਾਇਆ। ‘ਪਾਸ਼’ ਸ਼ਬਦ ਫਾਰਸੀ ਭਾਸ਼ਾ ਦਾ ਹੈ ਅਤੇ ਇਸਦੇ ਅਰਥ ‘ਛਿੜਕਣ ਵਾਲੇ’ ਜਾਂ ‘ਫੈਲਾਉਣ ਵਾਲੇ’ ਹਨ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ,“ਸ਼ੋਲੋਖੋਵ ਦੇ ਉਪਨਿਆਸ ‘ਤੇ ਡਾਨ ਵਹਿੰਦਾ ਰਿਹਾ’ ਦੇ ਨਾਇਕ ਪਾਸ਼ਾ ਨਾਲ ਲੋਹੜੇ ਦਾ ਲਗਾਵ ਅਨੁਭਵ ਕਰਕੇ ਉਸਨੇ ਆਪਣਾ ਨਾਮ ਅਵਤਾਰ ਸਿੰਘ ਸੰਧੂ ਤਾਂ ਬਿਲਕੁਲ ਅਲੋਪ ਹੀ ਕਰ ਲਿਆ ਸੀ।”
1968 ਵਿਚ ਨਕਸਲਬਾੜੀ ਲਹਿਰ ਪੰਜਾਬ ਵਿਚ ਜ਼ੋਰ ਫੜਨ ਲੱਗੀ। ਇਸ ਸਮੇਂ ਪਾਸ਼ ਦੀ ਉਮਰ 18 ਸਾਲ ਸੀ ਅਤੇ ਉਸਦਾ ਨਾਂ ਇਸ ਲਹਿਰ ਨਾਲ ਜੁੜ ਗਿਆ ਜਾਂ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਪਾਸ਼ ਨਕਸਲਬਾੜੀ ਲਹਿਰ ਵਿਚ ਸ਼ਾਮਿਲ ਹੋ ਗਿਆ। ਨਕਸਲਬਾੜੀ ਲਹਿਰ ਨਾਲ ਜੁੜਨ ਦਾ ਭਾਵ ਸੀ ਮਾਰਕਸਵਾਦ ਨਾਲ ਸਹਿਮਤ ਹੋਣਾ ਜਾਂ ਮਾਰਕਸਵਾਦ ਤੋਂ ਪ੍ਰਭਾਵਿਤ ਹੋਣਾ। ਉਸ ਵੇਲੇ ਰੂਸ ਅਤੇ ਚੀਨ ਦਾ ਸਮਾਜਵਾਦੀ ਇਨਕਲਾਬ ਦੁਨੀਆਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਰਿਹਾ ਸੀ। ਇਸੇ ਲਈ ਪਾਸ਼ ਮਾਰਕਸਵਾਦੀ ਵਿਚਾਰਧਾਰਾ ਦਾ ਚਿੰਤਨ/ਮੰਥਨ ਕਰਦਾ ਹੋਇਆ ਇਸਨੂੰ ਆਪਦੀ ਕਵਿਤਾ ਦਾ ਧੁਰਾ ਬਣਾਉਂਦਾ ਹੈ।ਉਸਦੇ ਤੱਤੇ ਖੂਨ ’ਚੋਂ ਉਬਲਦੀ ਕਵਿਤਾ ਪੈਦਾ ਹੋਈ ਜੋ ਕਵਿਤਾ ਆਪਣੇ ਸੀਨੇ ਅੰਦਰ ਕ੍ਰਾਂਤੀ ਦੀ ਤੜਪ/ਤਾਂਘ, ਸਮਾਜਿਕ ਬਰਾਬਰੀ ਦੀ ਇੱਛੁਕ ਅਤੇ ਲੋਟੂ ਸਮਾਜ ਦਾ ਤੀਬਰ ਵਿਰੋਧ ਕਰਦੀ। ਸਾਹਿਤਕ ਗਤੀਵਿਧੀਆਂ ਦੇ ਨਾਲ-ਨਾਲ ਪਾਸ਼ ਰਾਜਸੀ ਗਤੀਵਿਧੀਆਂ ਵਿਚ ਵੀ ਸਰਗਰਮ ਹੋ ਗਿਆ ਸੀ। ਭਾਵੇਂ ਪਾਸ਼ ਦੀ ਕਿਸੇ ਡਾਇਰੀ, ਚਿੱਠੀ, ਮੁਲਾਕਾਤ ’ਚੋਂ ਉਸਦੇ ਹਥਿਆਰਬੰਦ ਹੋਣ ਦੀ ਪੁਸ਼ਟੀ ਨਹੀਂ ਹੁੰਦੀ, ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ “ਨਕੋਦਰ ਵਿੱਚ ਇਕ ਭੱਠਾ ਮਾਲਕ ਮੱਲ੍ਹਾ ਦੇ ਕਤਲ ਉਪਰੰਤ 10 ਮਈ, 1970 ਨੂੰ ਪਾਸ਼ ਨੂੰ ਗਰਿਫ਼ਤਾਰ ਕਰ ਲਿਆ ਗਿਆ” ਤੇ ਅਗਲੇ ਸਾਲ ਸਤੰਬਰ ਵਿਚ ਉਸਦੀ ਰਿਹਾਈ ਸੰਭਵ ਹੋ ਸਕੀ। ਇਸ ਤੋਂ ਬਾਅਦ ਉਹ ਨਕਸਲਬਾੜੀ ਲਹਿਰ ਨਾਲ ਜੁੜੀਆਂ ਸਾਹਿਤਕ ਅਤੇ ਰਾਜਸੀ ਗਤੀਵਿਧੀਆਂ ਵਿਚ ਸਰਗਰਮ ਰਿਹਾ। 1970 ਵਿਚ ਛਪਿਆ ਪਾਸ਼ ਦਾ ਪਹਿਲਾ ਕਾਵਿ-ਸੰਗ੍ਰਹਿ ‘ਲੋਹ-ਕਥਾ’ ਨਿਰਸੰਦੇਹ ਉਸਦੀਆਂ ਨਕਸਲਬਾੜੀ ਲਹਿਰ ਨਾਲ ਜੁੜੀਆਂ ਗਤੀਵਿਧੀਆਂ ਦਾ ਹੀ ਸਾਹਿਤਕ ਸਿੱਟਾ ਕਿਹਾ ਜਾ ਸਕਦਾ ਹੈ।
ਪਾਸ਼ ਦੀ ਜ਼ਿੰਦਗੀ ਦਾ 1972 ਤੋਂ 1975 ਤੱਕ ਦਾ ਸਮਾਂ ਸਾਹਿਤਕ/ਰਾਜਸੀ ਗਤੀਵਿਧੀਆਂ ਨਾਲ ਭਰਿਆ ਹੋਇਆ ਸੀ। 1972 ਵਿਚ ਪਾਸ਼ ਨੇ ‘ਸਿਆੜ’ ਨਾਂ ਦਾ ਪਰਚਾ ਕੱਢਣਾ ਸ਼ੁਰੂ ਕੀਤਾ। ਇਸੇ ਵੇਲੇ ਉਸਨੂੰ ਮੋਗਾ-ਕਾਂਡ ਵਿਚ ਗਰਿਫ਼ਤਾਰ ਕਰ ਲਿਆ ਗਿਆ। 1973 ਵਿਚ ‘ਸਿਆੜ’ ਪਰਚਾ ਬੰਦ ਹੋ ਗਿਆ ਅਤੇ 1974 ਵਿਚ ਪਾਸ਼ ਦੀ ਦੂਜੀ ਕਾਵਿ-ਪੁਸਤਕ ‘ਉਡਦੇ ਬਾਜਾਂ ਮਗਰ’ ਛਪੀ। ਮਈ 1974 ਵਿਚ ਹੋਈ ਰੇਲਵੇ ਹੜਤਾਲ ਦੌਰਾਨ ਪਾਸ਼ ਦੀ ਗਰਿਫ਼ਤਾਰੀ ਹੋਈ। ਰਿਹਾਅ ਹੋ ਕੇ ‘ਹੇਮ ਜਯੋਤੀ’ ਦੀ ਸੰਪਾਦਕੀ ਕੀਤੀ। ਕੁਝ ਸਮਾਂ ਦੇਸ-ਪ੍ਰਦੇਸ (ਲੰਡਨ) ਦਾ ਪੱਤਰ-ਪ੍ਰੇਰਕ ਰਿਹਾ ਅਤੇ ਇਸੇ ਸਮੇਂ ਪਾਸ਼ ਨੇ ਮਿਲਖਾ ਸਿੰਘ ਐਥਲੀਟ ਦੀ ‘ਸਵੈ-ਜੀਵਨੀ’ ‘ਫਲਾਇੰਗ ਸਿੱਖ’ ਲਿਖ ਕੇ ਦਿੱਤੀ।
1976 ਵਿਚ ਇਕ ਵਾਰ ਫਿਰ ਪਾਸ਼ ਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਉਸਨੇ ਦਸਵੀਂ ਅਤੇ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਈਵਨਿੰਗ ਕਾਲਜ ਜਲੰਧਰ ਤੋਂ ਬੀ.ਏ. ਭਾਗ - ਪਹਿਲਾ ਵੀ ਪਾਸ ਕਰ ਲਈ। 1978 ਵਿਚ ਪਾਸ਼ ਨੇ ਜੇ.ਬੀ.ਟੀ. ਜੰਡਿਆਲੇ ਸ਼ੁਰੂ ਕੀਤੀ ਪਰ ਪਾਸ ਕੀਤੀ ਸੇਖ਼ੂਪੁਰੇ (ਕਪੂਰਥਲਾ) ਤੋਂ।ਪਾਸ਼ ਭਾਵੇੇਂ ਆਪਣੀਆਂ ਚਿੱਠੀਆਂ ਚ ਇਕ ਕੁੜੀ ਨਾਲ ਆਪਣੇ ਪਿਆਰ ਦੀ ਗੱਲ ਵੀ ਕਰਦਾ ਹੈ ਪਰ ਜੂਨ 1978 ਨੂੰ ਪਾਸ਼ ਦਾ ਵਿਆਹ ਮਾਪਿਆਂ ਦੀ ਮਰਜ਼ੀ ਅਤੇ ਸਮਾਜਿਕ ਬੰਧਨਾਂ ਅਨੁਸਾਰ ਰਾਜਵਿੰਦਰ ਕੌਰ ਸੰਧੂ ਨਾਂ ਦੀ ਕੁੜੀ ਨਾਲ ਹੋ ਜਾਂਦਾ ਹੈ।
ਇਨ੍ਹੀਂ ਦਿਨੀਂ ਸਤੰਬਰ 1978 ਨੂੰ ਪਾਸ਼ ਦਾ ਤੀਜਾ ਤੇ ਆਖ਼ਰੀ ਕਾਵਿ-ਸੰਗ੍ਰਹਿ ‘ਸਾਡੇ ਸਮਿਆਂ ਵਿਚ’ ਛਪਦਾ ਹੈ। ਗ੍ਰਹਿਸਥੀ ਜੀਵਨ ਦੀ ਗੱਡੀ ਨੂੰ ਤੋਰਨ ਲਈ ਪਾਸ਼ ਨੇ 1979 ਵਿਚ ਗੁਆਂਢੀ ਪਿੰਡ ਉੱਗੀ ਵਿਖੇ ਗੁਰੂ ਨਾਨਕ ਨੈਸ਼ਨਲ ਮਾਡਲ ਸਕੂਲ ਖੋਲ੍ਹ ਲਿਆ ਅਤੇ ਇਸੇ ਸਾਲ ਉਸਨੇ ਹੱਥ ਲਿਖਤ ਪਰਚਾ ‘ਹਾਕ’ ਕੱਢਣਾ ਸ਼ੁਰੂ ਕੀਤਾ। ਪਰ ਪਾਸ਼ ਪੰਜਾਬ ਦੇ ਵਿਗੜ ਰਹੇ ਮਾਹੌਲ ਅਤੇ ਪ੍ਰਤੀਕੂਲ ਸਥਿਤੀਆਂ ਕਾਰਨ ਨਾ ਸਕੂਲ ਹੀ ਚਲਾ ਸਕਿਆ ਅਤੇ ਨਾ ‘ਹਾਕ’ ਪਰਚੇ ਨੂੰ ਲਗਾਤਾਰ ਕੱਢ ਸਕਿਆ।
ਨਕਸਲਬਾੜੀ ਲਹਿਰ ਦੇ ਪੰਜਾਬ ਵਿਚੋਂ ਬਿਖਰਨ ਅਤੇ ਵਿਚਾਰਧਾਰਕ ਵਖਰੇਵਿਆਂ/ਵਿਰੋਧਾਂ ਵਾਲੀ ਲਹਿਰ (ਖਾਲਿਸਤਾਨੀ ਲਹਿਰ) ਦੇ ਪੰਜਾਬ ਵਿਚ ਜ਼ੋਰ ਫੜ੍ਹਨ ਨੇ ਪਾਸ਼ ਦੀਆਂ ਮੁਸ਼ਕਿਲਾਂ ’ਚ ਵਾਧਾ ਕਰ ਦਿੱਤਾ। ਇਸੇ ਵੇਲੇ 19 ਜਨਵਰੀ 1982 ਨੂੰ ਪਾਸ਼ ਦੇ ਘਰ ਧੀ ਵਿੰਕਲ ਦਾ ਜਨਮ ਹੋਇਆ, ਜਿਸ ਨੇ ਪਾਸ਼ ਦੀਆਂ ਜਿੰਮੇਵਾਰੀਆਂ ਨੂੰ ਵਧਾ ਦਿੱਤਾ। ਅਜਿਹੇ ਮਾਹੌਲ ਵਿਚ ਪਾਸ਼ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਸੀ। ਪਰ ਫਿਰ ਵੀ ਉਸਨੇ ਜ਼ਿੰਦਗੀ ਦਾ ਸਾਹਮਣਾ ਕੀਤਾ ਜਿਸ ਦਾ ਵਰਣਨ ਉਸਦੀ ਡਾਇਰੀ ਵਿਚ ਕਈ ਥਾਈਂ ਆਉਂਦਾ ਹੈ।ਉਹ ਦੋਸਤੀਆਂ ਨਿਭਾਉਂਦਾ, ਜ਼ਿੰਦਗੀ ਦੀਆਂ ਧੁਪਾਂ-ਛਾਵਾਂ ਹੰਢਾਉਂਦਾ, ਤਿਉਹਾਰ ਮਨਾਉਂਦਾ, ਚਿੰਤਨ ਕਰਦਾ, ਵਰਜਿਸ਼ ਕਰਦਾ, ਘਰ ਦੇ ਫਿਕਰਾਂ ’ਚ ਰੁੱਝਿਆ ਉਮਰ ਦੇ ਹਰ ਪਲ ਨਾਲ ਖਹਿ ਕੇ ਲੰਘਦਾ ਰਿਹਾ।ਅਸਲ ਵਿੱਚ ਪਾਸ਼ ਭਰਪੂਰ ਜ਼ਿੰਦਗੀ ਜਿਉਣ ਦਾ ਚਾਹਵਾਨ ਸੀ। ਉਸਦੇ ਹਰ ਸਾਲ ਦਾ ਹਿਸਾਬ, ਉਸ ਪ੍ਰਤੀ ਵਿਸ਼ਲੇਸ਼ਣੀ ਦ੍ਰਿਸ਼ਟੀ, ਭਵਿੱਖ ਨੂੰ ਹੋਰ ਮਾਨਣ ਦੀ ਇੱਛਾ, ਪਾਸ਼ ਦੇ ਆਮ ਮਨੁੱਖ ਨਾਲੋਂ ਵਿਸ਼ੇਸ਼ ਤੇ ਵਿਲੱਖਣ ਹੋਣ ਦਾ ਪ੍ਰਮਾਣ ਹੈ।
ਇਸੇ ਵੇਲੇ ਪੰਜਾਬ ਵਿਚ ਖਾਲਿਸਤਾਨੀ ਲਹਿਰ ਵਧੇਰੇ ਜ਼ੋਰ ਫੜ੍ਹ ਰਹੀ ਸੀ। ਜਿਸ ਨਾਲ ਪਾਸ਼ ਦੇ ਵਿਚਾਰਧਾਰਕ ਵਖਰੇਵੇਂ ਹੋਰ ਵਧ ਰਹੇ ਸਨ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ,“ਜੂਨ ਦੀਆਂ ਲਹੂ-ਲਹਾਣ ਘਟਨਾਵਾਂ ਤੋਂ ਪਹਿਲਾਂ ਹੀ ਅਪਰੈਲ ਵਿਚ ਉਸਨੂੰ ਸੂਚਨਾ ਮਿਲ ਗਈ ਕਿ ਸਿੱਖ ਖਾੜਕੂਆਂ ਨੇ ਨਕੋਦਰ ਦੇ ਇਲਾਕੇ ਵਿਚ ਚਾਰ ਬੰਦੇ ਸੋਧ ਦੇਣ ਦੀ ਯੋਜਨਾ ਬਣਾਈ ਸੀ।... ਉਹ ਇਸ ਖੂਨੀ ਭੂ-ਦ੍ਰਿਸ਼ ਤੋਂ ਲਾਂਭੇ ਹੋ ਸਕਦਾ ਜਿਸ ਲਈ ਉਸਦੀ ਛੋਟੀ ਭੈਣ ਪਰਮਿੰਦਰ ਦੇ ਵਿਆਹ ਉਪਰੰਤ ਅਮਰੀਕਾ ਜਾ ਵਸਣ ਨਾਲ ਸੰਭਾਵਨਾ ਬਣ ਗਈ ਸੀ। ਕਈ ਕਿਆਸ ਲਗਾ ਕੇ ਉਹ ਸੈਲਾਨੀ ਵੀਜ਼ਾ ਲੈ ਕੇ ਇੰਗਲੈਂਡ ਹੁੰਦਾ ਹੋਇਆ ਜੁਲਾਈ 1986 ਵਿਚ ਅਮਰੀਕਾ ਦੇ ਰਾਜ ਕੈਲਿਫੋਰਨੀਆਂ ਵਿਚ ਪਹੁੰਚ ਗਿਆ।” ਪਾਸ਼ ਦੀ ਸ਼ਖ਼ਸੀਅਤ ਹੀ ਐਸੀ ਸੀ ਕਿ ਉਹ ਰਾਜਸੀ ਗਤੀਵਿਧੀਆਂ ਤੋਂ ਨਿਰਲੇਪ ਨਹੀਂ ਰਹਿ ਸਕਿਆ। ਅਮਰੀਕਾ ਜਾ ਕੇ ਮਾਸਿਕ ਪੱਤਰ ਐਂਟੀ-47 ਦੀ ਸੰਪਾਦਨਾ ਦਾ ਕੰਮ ਸੰਭਾਲ ਲਿਆ। ਡਾ. ਤੇਜਵੰਤ ਸਿੰਘ ਗਿੱਲ ਅਨੁਸਾਰ “ਜਿਸ ਰਾਹੀਂ ਸਿੱਖ ਖਾੜਕੂਆਂ ਦੀਆਂ ਸਰਗਰਮੀਆਂ ਨੂੰ ਠੱਲ੍ਹ ਪਾਉਣ ਦਾ ਸੰਕਲਪ ਲਿਆ ਗਿਆ ਸੀ।” ਇਸ ਪੱਤਰ ਵਿੱਚ ਸਿੱਖ ਖਾੜਕੂਆਂ ਦੀ ਖੁੱਲ੍ਹ ਕੇ ਵਿਰੋਧਤਾ ਕਰਨ ਦਾ ਅਸਲ ਕਾਰਨ ਇਹ ਜਾਪਦਾ ਹੈ ਕਿ ਇਨ੍ਹਾਂ ਖਾੜਕੂਆਂ ਦੀਆਂ ਧਮਕੀਆਂ ਕਰਕੇ ਹੀ ਪਾਸ਼ ਦੀ ਪਹਿਲਾਂ ਤੋਂ ਅਸਥਿਰ ਤੇ ਸੰਘਰਸ਼ਸ਼ੀਲ ਜ਼ਿੰਦਗੀ ਨੂੰ ਬਿਲਕੁਲ ਮੁਹਾਲ ਕਰ ਦਿੱਤਾ ਸੀ।ਗੁਰਬਚਨ ਨੇ ਲਿਖਿਆ ਹੈ ਕਿ “ਪਾਸ਼ ਨੂੰ ਹਿੰਸਕ ਧੰਧੂਕਾਰਾ ਫੈਲਾਣ ਵਾਲਿਆਂ ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ।” ਇਸ ਤੋਂ ਪਹਿਲਾਂ ਵੀ ਪਾਸ਼ ਇਕ ਚਿੱਠੀ ਵਿਚ ਲਿਖਦਾ ਹੈ ਕਿ “ਮੇਰੇ ਅੰਦਰ ਹਰ ਤਰ੍ਹਾਂ ਦੀ ਫਿਰਕਾਪ੍ਰਸਤੀ ਨਾਲ ਅੰਤਾਂ ਦੀ ਨਫ਼ਰਤ ਹੈ, ਕੇਵਲ ਸਿੱਖਾਂ ਦੀ ਹੀ ਨਈਂ ਸਗੋਂ ਹਿੰਦੂਆਂ ਦੇ ਲਈ ਵੀ।”
ਪਾਸ਼ ਅਮਰੀਕਾ ਵਿਖੇ ਇਕ ਸੈਲਾਨੀ ਦੇ ਤੌਰ ’ਤੇ ਗਿਆ ਸੀ ਤੇ ਉਸਨੂੰ ਅਮਰੀਕਾ ਵਿਚ ਲੰਮਾ ਸਮਾਂ ਰਹਿਣ ਲਈ ਹਰ ਸਾਲ ਵੀਜ਼ਾ ਲੈਣ ਦੀ ਸ਼ਰਤ ਸੀ। 1987 ਵਿਚ ਪਾਸ਼ ਨੂੰ ਦੁਬਾਰਾ ਵੀਜ਼ਾ ਲੈਣ ਲਈ ਕੈਨੇਡਾ ਜਾਣਾ ਪਿਆ ਤੇ ਓਥੇ ਉਸਨੇ ਕੁਝ ਸਮਾਂ ਪੈਟਰੋਲ ਪੰਪ ਉਤੇ ਛੋਟੀ-ਮੋਟੀ ਨੌਕਰੀ ਵੀ ਕਰ ਲਈ। “1988 ਵਿਚ ਦੁਬਾਰਾ ਵੀਜ਼ਾ ਲੈਣ ਲਈ ਜਦੋਂ ਉਹ ਭਾਰਤ ਆਇਆ ਤਾਂ ਦੋਸ਼ ਦੀ ਸੂਰਤ ਵਿਚ ਇਮੀਗਰੇਸ਼ਨ ਵਾਲਿਆਂ ਕੋਲ ਇਹ ਸੂਚਨਾ ਪਹੁੰਚ ਗਈ ਕਿ ਯਾਤਰਾ ਦੌਰਾਨ ਉਹ ਨੌਕਰੀ ਕਰਦਾ ਰਿਹਾ ਸੀ। ਕਿਉਂਕਿ ਇਹ ਗੱਲ ਇਮੀਗਰੇਸ਼ਨ ਦੀਆਂ ਧਾਰਾਵਾਂ ਦੇ ਵਿਰੁੱਧ ਜਾਂਦੀ ਸੀ, ਇਸ ਲਈ ਅਮਰੀਕਾ ਪਹੁੰਚਣ ਤੇ ਉਸ ਨੂੰ ਹਵਾਈ ਅੱਡੇ ਤੋਂ ਹੀ ਬਿਦੇਸ਼ੀ ਕਰਾਰ ਦੇ ਕੇ ਵਾਪਸ ਭੇਜ ਦਿੱਤਾ ਗਿਆ।” ਦੁਬਾਰਾ ਅਮਰੀਕਾ ਜਾਣ ਲਈ ਪਾਸ਼ ਕਈ ਹੀਲੇ-ਵਸੀਲੇ ਕਰਦਾ ਰਿਹਾ ਤੇ ਅਖੀਰ ਉਹ ਬਰਾਜ਼ੀਲ ਦਾ ਵੀਜ਼ਾ ਲੈਣ ਵਿਚ ਸਫ਼ਲ ਵੀ ਹੋ ਗਿਆ। ਪਰ 23 ਮਾਰਚ 1988 ਨੂੰ ਪਾਸ਼ ਆਪਣੇ ਮਿੱਤਰ ਹੰਸ ਰਾਜ ਸਮੇਤ ਖਾਲਿਸਤਾਨੀਆਂ ਵਲੋਂ ਬਿਨਾਂ ਕਿਸੇ ਸੰਵਾਦ ਦੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਜੋ ਸਾਰੀ ਉਮਰ ਜ਼ਿੰਦਗੀ ਨੂੰ/ਸਮਾਜ ਨੂੰ ਸੁਧਾਰਨ, ਸੋਹਣਾ ਬਣਾਉਣ ਲਈ ਦਹਿਕਦੇ ਅੰਗਿਆਰਾਂ ’ਤੇ ਸੌਂ ਕੇ ਰਾਤ ਰੁਸ਼ਨਾਉਣ ’ਚ ਮਸਰੂਫ਼ ਰਿਹਾ, ਜਿਹਾ ਕਿ ਉਸਨੇ ਖੁਦ ਵੀ ਲਿਖਿਆ ਸੀ:
ਦਹਿਕਦੇ ਅੰਗਿਆਰਾਂ ਤੇ ਸਉਂਦੇ ਰਹੇ ਨੇ ਲੋਕ
ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ

ਨਾ ਕਤਲ ਹੋਏ,ਨਾ ਹੋਵਣਗੇ ਇਸ਼ਕ ਦੇ ਗੀਤ ਇਹ
ਮੌਤ ਦੀ ਸਰਦਲ ਤੇ ਬਹਿ, ਗਾਉਂਦੇ ਰਹੇ ਨੇ ਲੋਕ
....................

ਪਰਮਜੀਤ ਸਿੰਘ (ਕੱਟੂ)
ਰਿਸਰਚ ਸਕਾਲਰ,
ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੋ. 9463124131
pkattu@yahoo.in

ਪਾਸ਼!

facebook Surjit Gag

ਪਾਸ਼!
ਤੂੰ ਕਦ ਮਰਿਆ ਏਂ
ਏਥੇ ਹੀ ਏਂ ਕਿਤੇ
ਆਲ਼ੇ-ਦੁਆਲੇ
ਮੈਂ ਤੈਨੂੰ ਵੇਖਿਆ ਏ
ਨੌਕਰੀ ਦੀ ਉਮਰ ਲੰਘਾ ਚੁੱਕੇ
ਬੇਰੁਜ਼ਗਾਰ ਦੇ
ਬੁੱਢੇ ਬਾਪੂ ਦੀਆਂ ਅੱਖਾਂ ਵਿੱਚ
ਤੈਰਦੇ ਫਿਕਰ ਵਜੋਂ.............
ਪੱਤ ਲੁਟਾ ਕੇ ਪਰਤੀ
ਵਿਧਵਾ ਦੇ ਹੱਥਾਂ ਵਿੱਚ ਫੜੇ
ਪੈਨਸ਼ਨ ਦੀ ਮਨਜ਼ੂਰੀ ਵਾਲੇ ਫਾਰਮ ਤੇ
ਡਿੱਗੇ ਅੱਥਰੂ ਵਜੋਂ.............
ਸੜਕ ਕਿਨਾਰੇ
ਠੁਰ-ਠੁਰ੍ ਕਰਦੇ ਭਿਖਾਰੀ ਦੇ ਬਾਟੇ ਵਿੱਚ ਡਿੱਗੇ
ਰੁਪਈਏ ਦੀ ਖੜਤਾਲ ਵਜੋਂ.......
ਮੈਂ ਤੈਨੂੰ ਪਹਿਚਾਣਿਆ ਏ
ਮਜ਼ਦੂਰ ਦੇ ਹੱਥਾਂ ਵਿੱਚ ਆਈ ਰੇਤ ਨੂੰ
ਇੱਟ ਬਣਦੇ ਹੋਏ
ਗੋਬਿੰਦਪੁਰੇ ਦੇ ਪਿੰਡੇ ਤੇ ਪਈਆਂ ਲਾਸ਼ਾਂ ਵਿੱਚੋਂ
ਉੱਭਰਦੇ ਹੋਏ.....
ਅਜੇ ਮੈਂ ਤੈਨੂੰ ਕੱਲ੍ਹ ਹੀ ਵੇਖਿਐ
ਤੂੰਮਟਕਾ ਚੌਕ ਤੌਂ ਠੇਕੇਵੱਲ ਜਾਂਦਾ ਹੋਇਆ
ਕੈਮਿਸਟ ਦੀ ਦੁਕਾਨ ਤੇ ਸਲਫਾਸ ਦਾ ਭਾਅ ਪੁੱਛ ਰਿਹਾ ਸੀ...
ਨਹੀਂ ਤੂੰ ਕਿਤੇ ਨਹੀਂ ਗਿਆ
ਏਥੇ ਹੀ ਏ ਤੂੰ
ਬੇਪਛਾਣ ਹੋ ਕੇ ਵਿਚਰ ਰਿਹਾ ਏਂ
ਜੇ ਕੁੱਝ ਮਰਿਆ ਹੈ
ਤਾਂ ਤੈਨੂੰ ਪਛਾਨਣ ਵਾਲਿਆਂ ਦਾ
ਨਜ਼ਰੀਆ ਹੀ ਮਰਿਆ ਹੈ
ਦ੍ਰਿਸ਼ਟੀ ਕੋਣ ਮਰਿਆ ਹੈ
ਤੂੰ ਤਾਂਬਾਂਝ ਹੋ ਚੁੱਕੀਆਂ ਕੁੱਖਾਂ ਵਿੱਚੋਂ ਵੀ
ਜਨਮ ਲੈਣ ਦਾ ਹੋਸਲਾ ਰੱਖਦਾ ਏ
ਹਰ ਕੀਤੇ ਕਰਾਏ ਤੇ
ਘਾਹ ਬਣਕੇ
ਉੱਗ ਜਾਣ ਦਾ ਤਜ਼ਰਬਾ ਹੈ ਤੇਰਾ
ਨਹੀਂ ਤੂੰ ਮਰਿਆ ਨਹੀਂ
ਮਾਰੇ ਜਾਣ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋਇਆ ਹੈ
ਤੂੰ। .

in image......surjit gagg

ਕਾਮਰੇਡ ਹਰਭਜਨ ਸੋਹੀ ਦੀ ਕਵਿਤਾ


ਪਾਸ਼ ਦੇ ੬੧ ਵੇਂ ਜਨਮ-ਦਿਨ 'ਤੇ ਸਿਆੜ ਗਰੁੱਪ ਦੇ ਸਭ ਮੈਂਬਰਾਂ ਅਤੇ ਪਾਸ਼ ਦੇ ਸਨੇਹੀਆਂ ਲਈ ਮੈ, ਪਾਸ਼ ਸਬੰਧੀ ਕਾਮਰੇਡ ਹਰਭਜਨ ਸੋਹੀ ਦੀਆਂ ਦੋ ਕਵਿਤਾਵਾਂ ਅਤੇ ਸਾਹਿਤ ਸਬੰਧੀ ਇਕ ਲੇਖ ਜੋ ਪਾਸ਼ ਨੂੰ ਬਹੁਤ ਪਸੰਦ ਸੀ, ਪੋਸਟ ਕਰਨ ਦੀ ਖੁਸੀ ਲੈ ਰਿਹਾਂ ਹਾਂ। ਇਹ ਲੇਖ ਸਤਰਵਿਆਂ 'ਚ ਸਾਹਿਤ 'ਚ ਆਏ ਇਸ ਨਵੇਂ ਝੁਕਾਅ ਦਾ ਬਹੁਤ ਭਰਵਾਂ ਵਿਸ਼ਲੇਸਣ ਹੈ। ਮੇਰੀ ਜੋਰਦਾਰ ਅਪੀਲ ਹੈ ਕਿ ਸਾਹਿਤ ਪ੍ਰੇਮੀ ਇਸ ਵੱਲ ਜਰੂਰੀ ਤਵੱਜੋਂ ਦੇਣ। ਇਹ ਮੈਟਰ, ਕਾਮਰੇਡ ਹਰਭਜਨ ਸੋਹੀ ਦੇ ਦਿਹਾਂਤ 'ਤੇ ਸੁਰਖ-ਰੇਖਾ ਵਲੋਂ ਜਾਰੀ ਵਿਸ਼ੇ...ਸ਼ ਅੰਕ ਜੁਲਾਈ, 2009 'ਚੋਂ ਧੰਨਵਾਦ ਸਹਿਤ ਲਿਆ ਗਿਆ ਹੈ। ਸੁਰਖ-ਰੇਖਾ ਦੇ ਅੰਕ ਵਿੱਚ ਪਾਸ਼ ਦੀ ਟਿੱਪਣੀ ਲੇਖ ਦੇ ਅੰਤ ਵਿੱਚ ਹੈ, ਮੈਂ ਇਸ ਨੂੰ ਲੇਖ ਤੋਂ ਪਹਿਲਾਂ ਕਰ ਦਿੱਤਾ ਹੈ। ਇਸ ਫੇਰ ਬਦਲ ਲਈ ਖਿਮਾਂ ਦਾ ਜਾਚਕ ਹਾਂ। 

courtesy -facebook Ranbir Singh

ਦਰਵੇਸ਼ ਅੱਖਾਂ ਵਾਲਾ ਦਬੰਗ ਸ਼ਾਇਰ
ਦਰਵੇਸ਼ ਅੱਖਾਂ ਵਾਲਾ ਉਹ ਦਬੰਗ ਸ਼ਾਇਰ
ਜੋ ਜਿਉਣ ਦੀ ਮੜਕ ਨੂੰ ਗਾਇਆ ਕਰੇ
ਜ਼ਿੰਦਗੀ ਦੇ ਹਾਣ ਦੇ
ਬੋਲਾਂ ਖੁਣੋਂ ਤੜਫੇ ਕਦੇ
ਝਾੜ ਪੱਲਾ ਰੋਹੀਏ ਚੜ੍ਹ ਜਾਇਆ ਕਰੇ
ਪਰ ਜਦੋਂ ਵੀ ਜ਼ਿੰਦਗੀ
ਮੌਤ ਸੰਗ ਭਿੜਦੀ ਦਿਸੇ
ਫਿਰ ਚਸ਼ਮ ਵਾਂਗ ਫੁੱਟ ਆਇਆ ਕਰੇ

ਉਹ ਕੁਫਰ ਦੀ ਜੂਠ 'ਤੇ
ਪਲ਼ ਕੇ ਨਹੀਂ ਜਿਉਂਇਆਂ
ਉਹ ਜ਼ਲਾਲਤ ਦੀ ਜ਼ਹਿਰ
ਚੜ੍ਹਕੇ ਨਹੀਂ ਮਰਿਆ
ਸ਼ਾਹਦਿਆਂ ਦੀਆਂ ਸ਼ਾਨੀਆਂ
ਭਰਕੇ ਨਹੀਂ ਜਿਉਂਇਆਂ
ਉਹ ਸਹਿਮ ਦੇ ਸੀਤ ਵਿਚ
ਠਰ ਕੇ ਨਹੀਂ ਮਰਿਆ

ਅਖੀਰ ਮੌਤ ਵਿਚ ਵੀ
ਸੱਚ ਦਾ ਕਲਾਮ ਪੜ੍ਹ ਗਿਆ
ਬੋਲਾਂ ਦੀ ਲੱਜ ਪਾਲ਼ਦਾ
ਅੱਗ ਦਾ ਸਨਾਨ ਕਰ ਗਿਆ
ਦਰਵੇਸ਼ ਅੱਖਾਂ ਵਾਲਾ ਉਹ ਦਬੰਗ ਸ਼ਾਇਰ
ਜੋ ਜਿਉਣ ਦੀ ਮੜਕ ਨੂੰ ਗਾਇਆ ਕਰੇ

ਪਾਸ਼ ਦਾ ਮਾਤਮ ਨਹੀਂ, ਹਾਲੇ
ਪਾਸ਼ ਦਾ ਮਾਤਮ ਨਹੀਂ
ਹਾਲੇ, ਵਿਦਾ-ਸੰਮਾਨ ਕਰਨਾ ਹੈ
ਹਲਕਿਆ ਦਾਨਵ ਅਜੇ
ਚਿੰਘਾੜਦਾ ਫਿਰਦਾ
ਜਿਉਂਦੇ ਲਹੂ ਦੀ ਭਮਕ 'ਤੇ
ਭਬਕਾਰਦਾ ਫਿਰਦਾ
ਸ਼ਿਅਰ ਦਾ ਬਾਜ਼ ਫੁੰਡਿਆ ਜਾਣ 'ਤੇ
ਹਾਲੇ, ਅਸੀਂ ਵਿਰਲਾਪ ਨਹੀਂ ਕਰਨਾ
ਅੱਖਾਂ ਦੀ ਸਿੱਲ੍ਹ ਨੂੰ ਅੱਜ ਦੀ ਘੜੀ
ਸੰਜੋਅ ਕੇ ਰੱਖਣਾ ਹੈ
ਬੱਸ, ਇਸਦੀ ਤਪਸ਼ ਫੜਨੀ ਹੈ
ਇਹਦੀ ਤਲਖੀ ਨੂੰ ਚੱਖਣਾ ਹੈ
ਤੇ ਸੁਰਖ਼ ਕੋਇਆਂ ਥੀਂ
ਅੱਜ ਰੋਹ ਦੀ ਨਜ਼ਮ ਪੜ੍ਹਨੀ ਹੈ
ਲਹੂ ਦੇ ਇਸ ਚੋਅ ਦਾ ਪਾਟ ਚੌੜਾ ਹੈ
ਅਜੇ ਕੁੱਝ ਦੂਰ ਤਰਨਾ ਹੈ
ਇਹ ਕਤਾਰ ਦੀ ਗਿਣਤੀ ਦਾ ਵੇਲਾ ਨਹੀਂ
ਅਜ ਦੰਦ-ਮੀਚ ਲੜਨਾ ਹੈ
ਚੰਡ ਨਾਲ ਪ੍ਰਚੰਡ ਹੋਏ
ਸਿਦਕ ਦੀ ਝੋਕ ਲਾ ਲਈਏ
ਹਿੱਕਾਂ ਦ ਸੱਲ ਅਨੇਕਾਂ
ਤਿਉੜੀਆਂ ਵਿਚ ਧੁੱਖ ਰਹੇ
ਬਿਖਰੀਆਂ ਚਿਣਗਾਂ ਜੁਟਾ ਲਈਏ
ਖੂੰਨੀ ਥੂਥਨੀ ਵਾਲੇ
ਇਸ ਜੱਤਲ ਰਿੱਛ ਦੇ ਪੈਰੀਂ
ਸੁਰਖ਼ ਲਾਂਬੂ ਉਠਾ ਲਈਏ
ਲਹੂ ਦਾ ਕਰਜ਼ ਲਾਹ ਲਈਏ
ਫੇਰ, ਡੱਕ ਹੰਝੂਆਂ ਦਾ
ਗੁੱਬ੍ਹ ਨਿਕਲਣ ਦਿਆਂਗੇ
ਯਾਰਾਂ ਦੇ ਵਿਗੋਚਿਆਂ ਦੀ
ਭੁੱਬ ਨਿਕਲਣ ਦਿਆਂਗੇ

ਉਡਦਿਆਂ ਬਾਜ਼ਾਂ ਦੀਆਂ
ਡਾਰਾਂ ਦਾ ਸਿਜਦਾ ਕਰਦਿਆਂ
ਫੁੰਡ ਗਏ ਇਸ ਗੀਤ ਦੀ
ਧੜਕਣ ਜਗਾਲਾਂਗੇ ਅਸੀਂ
ਫੇਰ ਆਪਣੇ ਪਾਸ਼ ਦਾ
ਮਾਤਮ ਮਨਾਲਾਂਗੇ ਅਸੀਂ

ਪਾਸ਼ ਦਾ ਮਾਤਮ ਨਹੀਂ
ਹਾਲ, ਵਿਦਾ-ਸੰਮਾਨ ਕਰਨਾ ਹੈ

ਹਰ ਬਾਗੀ ਜਗਤਾਰ ਬਣੇਗਾ।

---ਇਹ ਕਵਿਤਾ ਵੀ ਹਰਭਜਨ ਸੋਹੀ ਜੀ ਦੀ ਹੈ ਪਰ ਉਦੋਂ ਨਰਿੰਦਰ ਚਾਹਲ ਦੇ ਨਾਂ 'ਤੇ ਵਿਦਿਆਰਥੀ ਸੰਘਰਸ਼ ਮੈਗਜੀਨ 'ਚ ਛਪੀ ਸੀ।
ਹਰ ਬਾਗੀ ਜਗਤਾਰ ਬਣੇਗਾ।

ਜਬਰ ਨਾਕਾਮੀ ਹੋਰ ਜਬਰ
ਜਦੋਂ ਤੀਕ ਨਾ ਮਿਲੇ ਕਬਰ
... ਹਰ ਜਾਬਰ ਦੀ ਇਹੋ ਕਹਾਣੀ
ਕਰਨਾ ਜਬਰ ਤੇ ਮੂੰਹ ਦੀ ਖਾਣੀ

ਖੁਸ਼ੀ ਕਰੋ ਗੋਲੀ ਦੀ ਵਾਛੜ
ਖੁਸ਼ੀ ਸੰਗੀਨਾਂ ਨੂੰ ਲਹਿਰਾਓ
ਖੁਸ਼ੀ ਰਚੋ ਸ਼ਬਦਾਂ ਦੀ ਮਾਇਆ
ਖੁਸ਼ੀ ਸ਼ੇਰਾਂ ਨੂੰ ਪਿੰਜਰ ਪਾਓ

ਹਰ ਮਿੱਟੀ ਦੀ ਆਪਣੀ ਖਸਲਤ
ਹਰ ਮਿੱਟੀ ਕੁੱਟਿਆਂ ਨਹੀਂ ਭੁਰਦੀ
ਹਰ ਫੱਟੜ ਮੱਥਾ ਨਹੀਂ ਝੁਕਦਾ
ਬੰਨ• ਲਾਇਆਂ ਹਰ ਛੱਲ ਨਹੀਂ ਰੁਕਦੀ

ਹਰ ਗੁੰਗੇ ਫੱਟ ਨਾ੍ਹਰਾ ਫੁੱਟੂ
ਹਰ ਨਾ੍ਹਰਾ ਲਲਕਾਰ ਬਣੇਗਾ
ਹਰ ਜਿਉਂਦਾ ਦਿਲ ਬਾਗੀ ਹੋਊ
ਹਰ ਬਾਗੀ ਜਗਤਾਰ ਬਣੇਗਾ।

.. .. .. .. .. .. .. .. .. ..
ਜਗਤਾਰ, 12 ਦਸਬੰਰ 1968 ਨੂੰ ਸ਼ਹੀਦ ਹੋਇਆ ਸੁਧਾਰ ਕਾਲਜ ਦਾ ਵਿਦਿਆਰਥੀ

Monday, August 15, 2011

PAASH DI NIJJI DIARY

PAASH DI NIJJI DIARY

APNE AAP NAL GALLAN 


COMING SOON....
on http://paashdidiary.blogspot.com/
sukhveer sarwara
inqlabzindabad@gmail.com

Sunday, August 14, 2011

ਤੂੰ ਵਾਪਿਸ ਆ ਯਾਰਾ


ਨਹੀਂ ਦੋਸਤ
ਤੂ ਹਾਲੀ ਵਿਦਾ ਨਹੀਂ ਹੋਣਾ ਸੀ
ਹਾਲੀ ਤਾ ਤੂ ਬਹਤ ਕੁਝ ਹੋਰ ਕਰਨਾ ਸੀ

ਤੂੰ ਭਾਰਤ ਮਾਂ ਦੀ ਬਾਹ ਤੇ ਬੰਨੀ ਕੋਈ ਰਖ ਬਣਨਾ ਸੀ
ਜੋ ਸਾਨੂ ਨਹੀਂ ਦਿਸਦਾ ਦਿਖਾਉਣ ਲਈ ਅਖ ਬਣਨਾ ਸੀ
ਸਾਨੂ ਨਾਸ੍ਮ੍ਝਾ ਨੂ ਹਾਲੀ ਤੂ ਹੋਰ ਸਮਝਾਉਣਾ ਸੀ
ਸਾਨੂ ਬੇ ਅਣਖਾਂ ਨੂ ਅਣਖ ਨਾਲ ਜੀਨਾ ਸਿਖਾਉਣਾ ਸੀ
ਸਾਡੇ ਬੋਲੇ ਕੰਨਾ ਨੂ ਜੋ ਸੁਨ ਸਕੇ ਓਹ ਰਾਗ ਬਣਨਾ ਸੀ
ਅੱਜ ਦੇ ਸਿਆਸੀ ਦੁਧ ਨੂ ਫਾੜਨ ਦੇ ਲਈ ਜਾਗ ਬਣਨਾ ਸੀ
ਮੈਂ ਮੰਨਦਾ ਇਹ ਸਭ ਤੂ ਆਪਣੇ ਸਮਿਆ ਵਿਚ ਕਰ ਗਿਆ ਸੀ
ਨਾਸਾਜ਼ ਹਾਲਾਤ ਬਾਦ੍ਲਿਦੇ ਕਿਵੇਂ ਨਜਮਾ'ਚ ਲਿਖ ਕੇ ਧਰ ਗਿਆ ਸੀ
ਪਰ ਜਦੋਂ ਵੀ ਯਾਰਾ ਕਿਧਰੇ ਮੇਰੀ ਖੱਬੀ ਅਖ ਫਰਕਦੀ ਏ
ਇਓਂ ਲਗਦਾ ਏ ਮੈਨੂ ਕੇ ਤੇਰੀ ਰੂਹ ਤੜਫਦੀ ਏ
ਇਹ ਦੇਖ ਕੇ ਅਸੀਂ ਜਿਹਨਾ ਨੇ...
ਸਮੇ ਦੇ ਬੇਕਾਬੂ ਘੋੜੇ ਦੀ ਲਗਾਮ ਨੂ ਫੜਨਾ ਸੀ
ਜਿਹਨਾ ਤੇਰਾ ਦਸਿਆ ਤੀਸਰਾ ਮਹਾ-ਯੁਧ ਲੜਨਾ ਸੀ
ਆਪੋ ਵਿਚ ਹੀ ਲੜ-ਲੜ, ਕਟ-ਕਟ ਮਾਰੀ ਜਾ ਰਹੇ ਹਾਂ
ਨਿਤ ਜ਼ੁਲਮ ਦੀ ਸਰਹੱਦ ਤੇ ਸਿਰ ਧਰੀ ਜਾ ਰਹੇ ਹਾਂ

ਕੇ ਤੇਰੀਆਂ ਨਜ਼ਮਾਂ ਚ ਹੀ ਰਹਿ ਗਿਆ
ਤੇਰੇ ਦਸੇ ਜੀਣ ਦੇ ਢੰਗ ਦਾ ਨਾਂ
ਕੇ ਅਸੀਂ ਅੱਜ ਵੀ ਲੋਟੂ ਹੀ ਰਹੇਂ ਹਾਂ ਬਦਲ
ਜਿੰਦਗੀ ਤੇ ਮੌਤ ਦੇ ਅਰਥ ਬਦਲਣ ਦੀ ਥਾਂ

ਤੂੰ ਵਾਪਿਸ ਆ ਯਾਰਾ
ਜ਼ੁਲਮ ਦੇ ਖਿਲਾਫ਼ ਕਢੀ ਕੋਈ ਸੂਹ ਬਣਕੇ ਆ
ਇਨਕਲਾਬ ਦੇ ਪਿੰਡ ਨੂ ਜਾਨ੍ਨ੍ਦੀ ਕੋਈ ਜੂਹ ਬਣਕੇ ਆ
ਲੋਕਾਂ ਦੇ ਇਸ਼ਕ ਦਿਆ ਵਾਰਿਸਾ ਤੂੰ
ਵਿਚ ਸਰੀਰਾਂ ਸਾਡਿਆਂ ਰੂਹ ਬਣਕੇ ਆ

ਨਹੀਂ ਯਾਰਾ ਤੂ ਹਾਲੀ ਨਹੀਓ ਵਿਦਾ ਹੋਣਾ ਸੀ
ਹਾਲੇ ਤਾ ਯਾਰਾ ਮੈਂ ਵੀ ਤੇਰੇ ਗਲ ਲੱਗ ਰੋਣਾ ਸੀ  
ਹਾਲੇ ਤਾ ਯਾਰਾ ਮੈਂ ਤੈਨੂ ਛੂਹ ਕੇ ਵੇਖਣਾ ਸੀ
ਤੇਰੇ ਹਥਾਂ ਨੂ ਚੁਮਣਾ ਸੀ ਤੇਰੇ ਪੈਰਾਂ ਨੂ ਧੋਣਾ ਸੀ.

"ਸੁਖਵੀਰ ਸਰਵਾਰਾ"   facebook sukhveer sarwara

Saturday, August 6, 2011

ਫਿਕਰ ਨਾ ਕਰਨਾ

 ਮੰਨੇਆਂ ਕੇ ਨਸ਼ੇਆਂ ਦੇ ਹੜ੍ਹ'ਚ 

ਰੁੜ੍ਹ ਗਈ ਹੈ ਕਾਫ਼ੀ  
ਪੰਜਾਂ ਪਾਣੀਆਂ ਦੀ ਨਵੀਂ ਤੌਫੀਕ
ਪਰ ਤੁਸੀਂ ਬਿਲਕੁਲ ਵੀ ਫਿਕਰ ਨਾ ਕਰਨਾ,
ਕੇ ਇਹ ਹੜ੍ਹ ਵਹਾ ਕੇ ਲੈ ਜਾਣਗੇ,,
ਸਾਡੀ ਸੋਚ ਦੇ ਓਸ ਚੱਪੂ ਨੂ,
ਜਿਹਨੇ ਸਾਡੇ ਮਾਣਯੋਗ ਵਿਰਸੇ ਦੀ ਬੇੜੀ ਨੂ 
ਆਉਣ ਵਾਲੀਆਂ ਪੁਸ਼ਤਾਂ ਦੀਆਂ 
ਪੱਤਣਾ ਤੇ ਲਾਉਣਾ ਹੈ. 

ਸਾਡੇ ਕੋਲ ਸਮਾਂ ਨਹੀਂ...... ਕੇਵਲ ਕ੍ਰਾਂਤੀ

ਸਾਡੇ ਕੋਲ ਸਮਾਂ ਨਹੀਂ...... ਕੇਵਲ ਕ੍ਰਾਂਤੀ

ਸਾਨੂੰ ਕੋਈ ਪ੍ਰਵਾਹ ਨਹੀਂ
ਸਾਡੇ ਵੱਲੋਂ ਤਾਂ ਹੁਣ ਸਾਇਮਨ ਕਮਿਸ਼ਨ ਛੱਡ
ਸਾਇਮਨ ਕਮਿਸ਼ਨ ਦਾ ਪਿਓ ਲਾਗੂ ਹੋ ਜਾਏ
ਸਾਡੇ ਕੋਲ ਹੁਣ ਕਾਲੀਆਂ ਝੰਡੀਆਂ ਚੱਕ ਕੇ
ਗੋ ਬੈਕ, ਗੋ ਬੈਕ ਦੇ ਨਾਹਰੇ ਲਾਉਣ ਦਾ ਸਮਾਂ ਨਹੀਂ
ਸਾਨੂੰ ਤਾਂ ਹੁਣ ਹੋਸਟਲ ਦੀ ਛੱਤ ਤੇ ਚੜ੍ਹ ਕੇ
ਕੁੜੀਆਂ ਦੇ ਨਾਂ ਤੇ ਲਲਕਾਰੇ ਮਾਰਨ ਤੋਂ ਹੀ ਵਿਹਲ ਨਹੀਂ।
ਸਾਨੂੰ ਓਦੋਂ ਫਿਕਰ ਨਹੀਂ ਹੁੰਦਾਂ
ਜਦੋਂ ਸਾਡੇ ਨਰਮੇ ਨੂੰ ਔੜ ਮਾਰਦੀ ਏ
ਤੇ ਅੱਠ ਦਾ ਇੰਜਣ ਡੀਜ਼ਲ ਦੇ ਨਾਲ-ਨਾਲ
ਸਾਡੇ ਬਾਪੂ ਦਾ ਖੂਨ ਪਸੀਨਾ ਵੀ ਪੀ ਜਾਂਦਾ ਏ

ਸਾਨੂੰ ਤਾਂ ਓਦੋਂ ਫਿਕਰ ਹੁੰਦਾਂ
ਜਦੋਂ ਪੈਟਰੋਲ ਮਹਿੰਗੇ ਕਾਰਨ
ਸਾਡਾ ਬੁਲਟ ਤਿਹਾਇਆ ਰਹਿ ਜਾਂਦਾ।
ਕੀ ਹੋਇਆ ਜੇ ਪਿੰਡ ਵਿੱਚ ਸ਼ਾਹੂਕਾਰ
ਸਾਡੇ ਘਰ ਨਿੱਤ ਗੇੜੇ ਮਾਰਦਾ ਏ
ਬਾਪੂ ਨੂੰ ਬੁਰਾ ਭਲਾ ਬੋਲਦਾ
ਤੇ ਜ਼ਮੀਨ ਕੁਰਕਣ ਦੀਆਂ ਧਮਕੀਆਂ ਦਿੰਦਾ ਏ
ਪਰ ਚੰਡੀਗੜ੍ਹ ਵਿੱਚ ਤਾਂ ਸਾਡੀ ਕੋਈ ਹਵਾ ਵੱਲ ਨਹੀਂ ਝਾਕਦਾ
ਸਾਥੋਂ ਹੁਣ "ਭਗਤ ਸਿੰਘ" ਦੀ ਪੱਗ ਦਾ ਭਾਰ ਨਹੀਂ ਚੱਕਿਆ ਜਾਂਦਾ
ਸਾਡੇ ਸਿਰ ਤੇ ਤਾਂ ਹੁਣ ਧੋਨੀ ਦਾ ਹੈਲਮਟ ਹੈ।
ਵੈਸੇ ਵੀ ਅਸੀਂ ਕਿਸੇ ਹੋਰ ਵਿਚਾਰ ਨਾਲ ਚਲਦੇ ਹਾਂ
"ਬੁਰਾ ਨਾ ਵੇਖੋ"
ਅੱਖਾਂ ਤੇ ਕਾਲੀ ਐਨਕ ਲਾਉਦੇਂ ਹਾ
"ਬੁਰਾ ਨਾ ਸੁਣੋ"
ਕੰਨਾਂ ਵਿੱਚ ਈਅਰ ਫੌਨ ਤੇ ਮਸਤ ਮਿਊਜਕ
"ਬੁਰਾ ਨਾ ਬੋਲੋ"
ਮੂੰਹ ਵਿੱਚ  ਚਿੰਗਮ ਜਾਂ ਸਿਗਰਟ।
ਛੱਡੋ ਯਾਰ ਸਾਡੇ ਕੋਲ ਸਮਾਂ ਨਹੀਂ
ਤੁਸੀਂ ਹੀ ਮਿਣੋ ਰੋਟੀ ਤੇ ਭੁੱਖ ਵਿਚਲਾ ਫਾਸਲਾ
ਅਸੀਂ ਤਾਂ ਹੁਣ
ਕੁੜੀਆਂ ਦੇ ਲੱਕ ਮਿਣਾਗੇ
ਵੇਟ ਤੋਲਗੇ………